ਗਲੀਆਂ ਨਾਲੀਆਂ ਬਣਵਾ ਕੇ, ਸੜਕਾਂ ਦੀ ਮੁਰੰਮਤ ਕਰਵਾ ਕੇ ਨੀ ਸਰਪੰਚੀ ਜਿੱਤ ਹੁੰਦੀ। ਸਿਆਸਤ ਦੀ ਵੀ ਸਮਝ ਚਾਹੀਦੀ ਹੈ। ਇਹ ਤਾਂ ਥਾਣੇਦਾਰ ਹੀ ਚੰਗਾ ਆ ਗਿਆ…। ਇਕਦਮ ਚੁੱਪ ਕਰ ਜਾਣ ਤੋਂ ਬਾਅਦ ਫਿਰ ਕਹਿੰਦਾ ਹੈ, "ਇਸ ਵਾਰ ਤਾਂ ਸਾਰਾ ਖਰਚਾ ਪੱਲਿਓਂ ਹੀ ਕਰਨਾ ਪੈਣੈ। ਕਮਲੀ ਨੇ ਇੱਕ ਆਨਾ ਨੀ ਕਮਾ ਕੇ ਦਿੱਤਾ।" ਉਸੇ ਵੇਲੇ ਹਰਨਾਮੀ ਜੋ ਕਿ ਸਰਪੰਚ ਦੀ ਚੋਣ ਵੇਲੇ ਰਾਜ ਕੌਰ ਦੇ ਵਿਰੋਧ ਵਿੱਚ ਖੜ੍ਹੀ ਹੋਈ ਸੀ, ਆ ਜਾਂਦੀ ਹੈ। ਉਹ ਰਾਜ ਕੌਰ ਦੇ ਸਹੁਰੇ ਨੂੰ ਕਹਿੰਦੀ ਹੈ, "ਤੁਸੀਂ ਵਾਧੂ ਗੱਲਾਂ ਛੱਡੋ, ਸਾਰਾ ਪਿੰਡ ਮੇਰੀ ਨੂੰਹ ਦੀ ਸਿਫ਼ਤ ਕਰਦੈ।" "ਮੂੰਹ ਤੇ ਹੀ ਸਿਫ਼ਤਾਂ ਹੁੰਦੀਆਂ ਨੇ। ਮਗਰੋਂ ਦੇਖੀਂ ਲੋਕ ਕੀ ਕਿਹਾ ਕਰਨਗੇ।" "ਲੋਕ ਕਿਹਾ ਕਰਨਗੇ, ਇਹ ਉਨ੍ਹਾਂ ਵੇਲਿਆਂ ਦੀ ਗੱਲ ਹੈ ਜਦੋਂ ਰਾਜ ਕੌਰ ਸਾਡੇ ਪਿੰਡ ਦੀ ਸਰਪੰਚ ਹੁੰਦੀ ਸੀ।" ਸਾਰਾ ਟੱਬਰ ਵੱਢਖਾਣੀ ਹਰਨਾਮੀ ਦੇ ਮੂੰਹ ਵੱਲ ਵੇਖ ਰਿਹਾ ਸੀ।
ਇਨ੍ਹਾਂ ਪੰਜਾਂ ਕਹਾਣੀਆਂ ਵਿੱਚ ਔਰਤਾਂ ਨੂੰ ਵੱਖ-ਵੱਖ ਸਥਿਤੀਆਂ ਨਾਲ ਜੂਝਦਿਆਂ ਵਿਖਾਇਆ ਗਿਆ ਹੈ। ਕਹਾਣੀਕਾਰਾਂ ਨੇ ਔਰਤ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਆਪਣੀਆਂ ਕਹਾਣੀਆਂ ਵਿੱਚ ਛੋਹਿਆ ਹੈ। ਕਹਾਣੀ ਸਿੱਧੀ ਸਪਾਟ ਲਕੀਰ ਨਹੀਂ ਹੁੰਦੀ। ਕਹਾਣੀਕਾਰ ਗਾਲਪਨਿਕ ਤੱਤਾਂ ਨਾਲ ਵਿਸ਼ੇ ਨੂੰ ਆਪਣੀ ਕਹਾਣੀ ਵਿੱਚ ਗੁੰਦਦਾ ਹੈ। ਕਈ ਕਹਾਣੀਕਾਰ ਕਹਾਣੀ ਦੇ ਅੰਤ ਵਿੱਚ ਕਈ ਅਣਸੁਲਝੇ ਪ੍ਰਸ਼ਨ ਛੱਡ ਦਿੰਦਾ ਹੈ ਅਤੇ ਆਸ ਕਰਦਾ ਹੈ ਕਿ ਪਾਠਕ ਆਪ ਇਨ੍ਹਾਂ ਪ੍ਰਸ਼ਨਾਂ ਨੂੰ ਹੱਲ ਕਰਨ।
ਇਹ ਸੱਚ ਹੈ ਕਿ ਕਹਾਣੀਕਾਰ ਨੂੰ ਕਹਾਣੀ ਕਹਿਣ ਦਾ ਢੰਗ ਆਉਣਾ ਚਾਹੀਦਾ ਹੈ, ਪਰ ਇਹ ਵੀ ਉੱਕਾ ਹੀ ਜ਼ਰੂਰੀ ਹੈ ਕਿ ਪਾਠਕ ਨੂੰ ਕਹਾਣੀ ਪੜ੍ਹਨ ਦਾ ਜਾਂ ਸੁਣਨ ਦਾ ਢੰਗ ਵੀ ਆਉਣਾ ਚਾਹੀਦਾ ਹੈ। ਕਹਾਣੀ ਕੇਵਲ ਮਨੋਰੰਜਨ ਲਈ ਹੀ ਨਹੀਂ ਪੜ੍ਹੀ ਜਾਂਦੀ, ਉਸ ਵਿੱਚਲੇ ਸੱਚ ਨੂੰ ਜਾਣਨ ਲਈ ਵੀ ਪੜ੍ਹੀ ਜਾਂਦੀ ਹੈ। ਜਿੰਨੇ ਸੁਹਿਰਦ ਤੁਸੀਂ ਪਾਠਕ ਹੋਵੋਗੇ, ਤੁਹਾਡੇ ਅੰਦਰ ਜਿੰਨੀ ਜਿਗਿਆਸਾ ਕਹਾਣੀ ਦੇ ਸੱਚ ਨੂੰ ਜਾਣਨ ਦੀ ਹੋਵੇਗੀ, ਉਂਨਾ ਹੀ ਤੁਸੀਂ ਕਹਾਣੀ ਨੂੰ ਹੰਢਾਉਗੇ /ਆਨੰਦ ਮਾਣੋਗੇ।
ਭਾਗ-2
ਇਸ ਅਧਿਆਇ ਵਿੱਚ ਕਥਾ ਜਗਤ ਦੀਆਂ ਕਹਾਣੀਆਂ 'ਤਿੰਨ ਦਿਨ ਦਾ ਬੇਈਮਾਨ', 'ਤਿਲਚੌਲੀ', 'ਤੀਜੀ ਗੱਲ', 'ਰੋਲ ਨੰਬਰ', 'ਸਵੇਰ ਹੋਣ ਤੱਕ', 'ਆਪਣਾ ਆਪਣਾ ਹਿੱਸਾ ਅਤੇ 'ਬਰਫ਼ ਦਾ ਦਾਨਵ’ ਦੇ ਵਿਸ਼ਿਆਂ ਦੀ ਪੜਚੋਲ ਕੀਤੀ ਗਈ ਹੈ। ਕਹਾਣੀਆਂ ਨੂੰ ਪੁਸਤਕ ਦੇ ਕ੍ਰਮ ਅਨੁਸਾਰ ਨਹੀਂ ਸਗੋਂ ਵਿਸ਼ਿਆਂ ਦੇ ਪੱਖ ਤੋਂ ਵਿਚਾਰਿਆ ਹੈ। ਹਰ ਰਚਨਾ ਦਾ ਵਿਸ਼ਾ ਰਚਨਾ ਦੇ ਆਰ-ਪਾਰ ਫੈਲਿਆ ਹੁੰਦਾ ਹੈ। ਇੱਕ ਸੁਹਿਰਦ ਪਾਠਕ ਰਚਨਾ ਵਿੱਚੋਂ ਵਿਸ਼ੇ ਨੂੰ ਵੱਖ ਕਰਕੇ ਉਸ ਨੂੰ ਸਮਝ ਲੈਂਦਾ ਹੈ।
'ਤਿੰਨ ਦਿਨ ਦਾ ਬੇਈਮਾਨ' ਇੱਕ ਮਨੋਵਿਗਿਆਨਕ ਕਹਾਣੀ ਹੈ। ਸਵਿੰਦਰ ਸਿੰਘ ਉੱਪਲ ਨੇ ਇਸ ਕਹਾਣੀ ਵਿੱਚ ਮੱਧਵਰਗੀ ਪਰਿਵਾਰ ਨਾਲ ਸੰਬੰਧਿਤ ਕਹਾਣੀ ਦੇ ਮੁੱਖ ਪਾਤਰ ਸਤਿੰਦਰ ਨਾਥ ਦੀਆਂ ਮਨੋ-ਅਵਸਥਾਵਾਂ ਨੂੰ ਵੱਖ-ਵੱਖ ਸਥਿਤੀਆਂ ਵਿੱਚ ਦਰਸਾਇਆ ਹੈ। ਸਮਾਜਿਕ ਨੈਤਿਕ ਕਦਰਾਂ-ਕੀਮਤਾਂ ਵਿੱਚੋਂ ਮਨੁੱਖੀ ਆਚਰਨ ਦਾ ਵੱਡਾ ਗੁਣ ਈਮਾਨਦਾਰੀ ਮੰਨਿਆ ਗਿਆ ਹੈ। ਕਹਾਣੀਕਾਰ ਦੱਸਣਾ ਚਾਹੁੰਦਾ ਹੈ ਕਿ ਈਮਾਨਦਾਰ ਆਦਮੀ ਹਮੇਸ਼ਾ ਫ਼ਖਰ ਨਾਲ ਸਿਰ ਉੱਚਾ ਕਰ ਕੇ ਚਲਦਾ ਹੈ। ਜ਼ਮੀਰ 'ਤੇ ਪਿਆ ਬੋਝ ਉਸ ਨੂੰ ਜੀਵਨ ਭਰ ਉੱਚਾ ਨਹੀਂ ਉੱਠਣ ਦਿੰਦਾ। ਸਤਿੰਦਰ ਨਾਥ ਬੜੀ ਖੁਸ਼ੀ ਨਾਲ ਆਪਣਾ ਮਕਾਨ ਬਣਾ ਰਿਹਾ ਹੈ। ਉਹ ਸਰਕਾਰੀ ਦਫ਼ਤਰ ਵਿੱਚ ਅਸਿਸਟੈਂਟ ਹੈ। ਉਸ ਨੇ ਮਕਾਨ ਬਣਾਉਣ ਲਈ ਦਫ਼ਤਰ ਤੋਂ ਤਿੰਨ ਮਹੀਨੇ ਦੀ ਛੁੱਟੀ ਲਈ। ਮਕਾਨ ਬਣਾਉਣ ਲਈ ਬੈਂਕ ਤੋਂ ਕਰਜ਼ਾ ਲਿਆ। ਦੋ ਕੁ ਹਜ਼ਾਰ ਉਸ ਕੋਲ ਵੀ ਸਨ। ਮਕਾਨ ਦਾ ਢਾਂਚਾ ਬਣਾਉਣ ਤੱਕ ਤਾਂ ਉਸ ਨੇ ਤੰਗੀ ਮਹਿਸੂਸ ਨਾ ਕੀਤੀ। ਪਰ, ਹਾਲੇ ਬਹੁਤ ਕੰਮ ਸੀ। ਨੌਬਤ ਇਹ ਆ ਗਈ ਕਿ ਉਸ ਕੋਲ ਮਿਸਤਰੀ ਨੂੰ ਦੇਣ ਲਈ ਪੈਸੇ ਨਹੀਂ ਸਨ। ਇੱਕ ਦਿਨ