ਅਤੇ ਨਾਲ ਹੀ ਦੁਸ਼ਮਣ ਦੇ ਤੋਪਖਾਨੇ ਦਾ ਗੋਲਾ ਵੀ ਡਿੱਗਿਆ। ਉਸ ਨੇ ਗੋਲੀਬਾਰੀ ਵੀ ਸ਼ੁਰੂ ਕਰ ਦਿੱਤੀ। ਪੂਰਨ ਸਿੰਘ ਨੇ ਵੀ ਗਰਨੇਡ ਮਾਰਿਆ ਲੇਕਿਨ ਬਰਫ਼ ਦੀ ਗਾਰ ਨਾਲ ਸਾਰੇ ਦੱਬਣੇ ਸ਼ੁਰੂ ਹੋ ਗਏ। ਉਹ ਜਾਣਦਾ ਸੀ ਕਿ ਗਲੇਸ਼ੀਅਰ ਸਿਰਫ਼ ਬਰਫ਼ ਨਹੀਂ ਸੀ, ਇਸ ਉੱਪਰ ਲਾਸ਼ਾਂ ਦੀ ਫ਼ਸਲ ਉਗਦੀ ਸੀ। ਆਪਣੇ ਆਸ ਪਾਸ ਲਾਸ਼ਾਂ ਨੂੰ ਵੇਖ ਕੇ ਉਸ ਦਾ ਵਿਵਹਾਰ ਪਾਗਲਾਂ ਵਾਂਗ ਹੋ ਗਿਆ। ਬਰਫ਼ ਨਾਲ ਉਹ ਠਰ ਰਿਹਾ ਸੀ। ਉਸ ਨੇ ਬੜੀ ਹਿੰਮਤ ਕੀਤੀ ਕਿ ਉਹ ਕਿਸੇ ਤਰ੍ਹਾਂ ਇਸ ਬਰਫ਼ ਦੇ ਕਹਿਰ ਤੋਂ ਬਚ ਨਿਕਲੇ ਲੇਕਿਨ ਉਸ ਦਾ ਸਰੀਰ ਉਸ ਦਾ ਸਾਥ ਨਹੀਂ ਦਿੰਦਾ। ਉਹ ਡਿੱਗ ਜਾਂਦਾ ਹੈ ਅਤੇ ਸ਼ਹੀਦ ਹੋ ਜਾਂਦਾ ਹੈ।
ਇਹ ਕਹਾਣੀ ਇੱਕ ਇਹੋ ਜਿਹੇ ਫੌਜੀ ਦੀ ਦਾਸਤਾਨ ਹੈ ਜੋ ਬਰਫ਼ ਵਿੱਚ ਫਸਿਆ ਹੋਇਆ ਹੈ। ਮੌਤ ਉਸ ਦੇ ਨੇੜੇ ਹੈ। ਉਸ ਵਿੱਚ ਹਿੰਮਤ ਹੈ, ਪਰ ਉੱਥੋਂ ਬਚ ਕੇ ਨਿੱਕਲ ਜਾਣਾ ਉਸ ਦੇ ਵੱਸ ਵਿੱਚ ਨਹੀਂ। ਕਹਾਣੀਕਾਰ ਨੇ ਸ਼ਬਦਾਂ ਰਾਹੀਂ ਇਹ ਬਿੰਬ ਇਸ ਤਰ੍ਹਾਂ ਉਸਾਰਿਆ ਹੈ ਜਿਵੇਂ ਸਭ ਕੁਝ ਪਾਠਕਾਂ ਦੇ ਸਾਹਮਣੇ ਵਾਪਰਿਆ ਹੋਵੇ। ਇਹ ਕਹਾਣੀ ਪਾਠਕਾਂ ਲਈ ਪ੍ਰੇਰਨਾ ਸਰੋਤ ਵੀ ਹੈ ਅਤੇ ਫੌਜੀਆਂ ਲਈ ਸਤਿਕਾਰ ਦੀ ਭਾਵਨਾ ਵੀ ਪੈਦਾ ਕਰਦੀ ਹੈ। ਇਸ ਕਹਾਣੀ ਦਾ ਉਦੇਸ਼ ਪਾਠਕਾਂ ਨੂੰ ਫੌਜੀ ਜੀਵਨ ਤੋਂ ਜਾਣੂ ਕਰਵਾਉਣਾ ਹੈ ਅਤੇ ਗਿਆਨ ਦੇਣਾ ਹੈ ਕਿ ਦੇਸ਼ਵਾਸੀਆਂ ਦੀ ਰੱਖਿਆ ਲਈ ਫੌਜੀਆਂ ਨੂੰ ਕਿੰਨਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
"ਕਥਾ ਜਗਤ" ਪੁਸਤਕ ਦੀਆਂ ਦੋ ਹੋਰ ਕਹਾਣੀਆਂ ਹਨ 'ਸਵੇਰ ਹੋਣ ਤੱਕ’ ਅਤੇ ਦੂਜੀ 'ਆਪਣਾ ਆਪਣਾ ਹਿੱਸਾ'। ਇਹ ਦੋਵੇਂ ਕਹਾਣੀਆਂ ਪੰਜਾਬ ਦੇ ਪੇਂਡੂ ਕਿਸਾਨੀ ਜੀਵਨ ਨਾਲ ਸੰਬੰਧਿਤ ਹਨ। ਪਿੰਡ ਦਾ ਕਿਸਾਨ ਵਰਗ ਕਰੜੀ ਮਿਹਨਤ ਕਰਨ ਦੇ ਬਾਵਜੂਦ ਕਿਵੇਂ ਤੰਗੀ-ਤੁਰਸ਼ੀ ਦਾ ਜੀਵਨ ਗੁਜ਼ਾਰਦਾ ਹੈ। ਦੁੱਖ ਭੋਗਦਾ ਇਹ ਦਰਸਾਉਣਾ ਇਨ੍ਹਾਂ ਕਹਾਣੀਆਂ ਦਾ ਉਦੇਸ਼ ਹੈ। ਕਹਾਣੀਆਂ ਦੀਆਂ ਸਥਿਤੀਆਂ ਵੱਖਰੀਆਂ ਹਨ। ਘਟਨਾਵਾਂ ਵੀ ਵੱਖ-ਵੱਖ ਹਨ।
ਸੰਤੋਖ ਸਿੰਘ ਧੀਰ ਦੀ ਕਹਾਣੀ 'ਸਵੇਰ ਹੋਣ ਤੱਕ’ ਦੇ ਅਰੰਭ ਵਿੱਚ ਰਾਤ ਦਾ ਸਮਾਂ ਹੈ। ਜਿਵੇਂ ਕਿ ਕਹਾਣੀ ਦੇ ਸਿਰਲੇਖ ਤੋਂ ਹੀ ਪਤਾ ਲਗਦਾ ਹੈ ਕਿ ਘਟਨਾ ਦੇ ਵਾਪਰਨ ਦਾ ਸਮਾਂ ਰਾਤ ਤੋਂ ਸਵੇਰ ਹੋਣ ਤੱਕ ਦਾ ਹੈ। ਘਟਨਾ ਵਾਪਰਦੀ ਨਹੀਂ, ਪਰ ਘਟਨਾ ਵਾਪਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਕਹਾਣੀ ਦਾ ਮੁੱਖ ਪਾਤਰ ਚੰਨਣ ਸਿੰਘ ਕਿਸਾਨੀ ਕਿੱਤੇ ਨਾਲ ਜੁੜਿਆ ਹੋਇਆ ਹੈ। ਇਸ ਕਿੱਤੇ ਵਿੱਚ ਕੁਦਰਤ ਵੀ ਆਪਣਾ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਇੱਕ ਤਰਫ਼ ਸੰਸਾਰਕ ਬੰਦਸ਼ਾਂ, ਆਰਥਿਕ ਤੰਗੀ ਅਤੇ ਦੂਜੇ ਪਾਸੇ ਹਾੜ ਦੇ ਮਹੀਨੇ ਦਾ ਕੰਮ ਮੌਸਮ ਉੱਪਰ ਨਿਰਭਰ ਕਰਦਾ ਹੈ। ਇਸ ਕਹਾਣੀ ਵਿੱਚ ਹਾੜ੍ਹ ਦੇ ਮਹੀਨੇ ਦਾ ਸਮਾਂ ਲਿਆ ਗਿਆ ਹੈ। ਇਸ ਮਹੀਨੇ ਜੇ ਬਿਜਾਈ ਸਮੇਂ ਸਿਰ ਹੋ ਜਾਂਦੀ ਹੈ ਤਾਂ ਠੀਕ ਹੈ ਨਹੀਂ ਤਾਂ ਸਾਵਣ ਦੀ ਝੜੀ ਫਸਲ ਨੂੰ ਪਿੱਛੇ ਪਾ ਸਕਦੀ ਹੈ। ਚੰਨਣ ਸਿੰਘ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਰਾਤ ਦੇਰ ਨਾਲ ਘਰ ਆਉਂਦਾ ਹੈ। ਰਾਤ ਦੀ ਰੋਟੀ ਖਾ ਕੇ ਉਹ ਗਰਮੀ ਤੋਂ ਛੁਟਕਾਰਾ ਪਾਉਣ ਲਈ ਕੋਠੇ ਉੱਪਰ ਸੌਣ ਲਈ ਜਾਂਦਾ ਹੈ। ਇਸ ਤੋਂ ਬਾਅਦ ਪੂਰੀ ਕਹਾਣੀ ਦੀ ਉਸਾਰੀ ਵਾਰਤਾਲਾਪ ਵਿਧੀ ਰਾਹੀਂ ਕੀਤੀ ਗਈ ਹੈ। ਉਸ ਦੇ ਘਰ ਦੇ ਨਾਲ ਹੋਰ ਕਿਸਾਨਾਂ ਦੇ ਘਰ ਹਨ। ਉਨ੍ਹਾਂ ਦੀ ਆਪਸੀ ਗੱਲਬਾਤ ਤੋਂ ਹੀ ਪਤਾ ਚਲਦਾ ਹੈ ਕਿ ਕਿਸਾਨ ਕਿੰਨੀ ਮਿਹਨਤ ਕਰਦਾ ਹੈ। ਉਸ ਨੂੰ ਰਾਤ ਵੇਲੇ ਆਰਾਮ ਦੀ ਲੋੜ ਹੈ। ਪਰ, ਪੈਸੇ ਦੀ ਤੰਗੀ ਕਾਰਨ ਉਸ ਨੂੰ ਜੀਵਨ ਦੀਆਂ ਸੁੱਖ-ਸੁਵਿਧਾਵਾਂ ਪ੍ਰਾਪਤ ਨਹੀਂ ਹੋਣ ਕਾਰਨ ਉਹ ਆਪਣੀ ਇਸ ਲੋੜ ਨੂੰ ਪੂਰਾ ਨਹੀਂ ਕਰ ਪਾਉਂਦਾ। ਕਹਾਣੀ ਵਿੱਚਲੀਆਂ ਹੇਠ ਲਿਖੀਆਂ ਤੁਕਾਂ ਕਹਾਣੀ ਦੇ ਵਿਸ਼ੇ ਨੂੰ ਉਘਾੜਦੀਆਂ ਹਨ :
ਬਚਨੋ, "ਬੱਦਲ, ਅੱਜ ਫੇਰ ਖੌਰੇ ਮੰਜੇ ਹੇਠਾਂ ਲੁਹਾ ਕੇ ਹਟੇ।"
ਚੰਨਣ, "ਸੌਣਾ ਕਿਹੜਾ ਮਿਲਦੈ ਸਹੁਰਾ ਨੀਂਦ ਭਰ ਕੇ ... ਦੋ ਰਾਤਾਂ ਹੋ ਗਈਆਂ ਇਸੇ ਤਰ੍ਹਾਂ।"
"ਮਖਾਂ ਸੀਬੋ ਦੇ ਬਾਪੂ ... ।" ਬਚਨੋ ਨੇ ਲਲਕਾਰ ਕੇ ਆਖਿਆ, "ਮੰਜੇ ਤਾਂ ਲਾਹੁਣੇ ਹੀ ਪੈਣਗੇ ਠਾਹਾਂ।"
"ਨੀ ਮਖਾਂ ਪਏ ਰਹੋ-ਕਿਤੇ ਨ੍ਹੀਂ ਪਰਲੋ ਆਉਂਦੀ।" ਚੰਨਣ ਨੇ ਖੇਸੀ ਹੋਰ ਉੱਤੇ ਖਿੱਚ ਕੇ ਸੁਆਰ ਲਈ ।
"ਫੇਰ ਹਬੜ ਦਬਣ ਪੈ ਜਾਣੀ ਐਂ...।" ਬਚਨੋ ਫਿਕਰ ਨਾਲ ਘਾਬਰਦੀ ਸੀ।
"ਕਿਤੇ ਨ੍ਹੀਂ ਪੈਂਦੀ-ਤੂੰ ਪਈ ਰਹੁ...।"