Back ArrowLogo
Info
Profile

ਪੰਜਾਬੀ ਸਾਹਿਤ ਦਾ ਇਤਿਹਾਸ

ਡਾ. ਕੁਲਵੀਰ

ਆਦਿ ਕਾਲ

ਵਿਦਵਾਨਾਂ ਵਿੱਚ ਇਸ ਗੱਲ ਨੂੰ ਲੈ ਕੇ ਆਪਸ ਵਿੱਚ ਮਤਭੇਦ ਰਹੇ ਹਨ ਕਿ ਪੰਜਾਬੀ ਸਾਹਿਤ ਦਾ ਮੁੱਢ ਕਦੋਂ ਬੱਝਿਆ ? ਸਾਹਿਤ ਦਾ ਮਾਧਿਅਮ ਭਾਸ਼ਾ ਹੁੰਦਾ ਹੈ। ਸੋ ਸਾਹਿਤ ਸਿਰਜਣਾ ਦਾ ਸੰਬੰਧ ਸੰਬੰਧਤ ਭਾਸ਼ਾ ਦੀ ਉਤਪਤੀ ਤੇ ਵਿਕਾਸ ਨਾਲ ਜੁੜਿਆ ਹੋਇਆ ਹੈ। ਪੰਜਾਬੀ ਸਾਹਿਤ ਦੇ ਆਰੰਭ ਦਾ ਮਸਲਾ ਪੰਜਾਬੀ ਭਾਸ਼ਾ ਦੀ ਉਤਪਤੀ ਤੇ ਵਿਕਾਸ ਨੂੰ ਸਮਝਣ ਨਾਲ ਹੀ ਹੱਲ ਹੋ ਸਕਦਾ ਹੈ। ਪੰਜਾਬੀ ਦਾ ਸੰਬੰਧ ਆਧੁਨਿਕ ਆਰੀਆ ਭਾਸ਼ਾਵਾਂ ਨਾਲ ਹੈ। ਪੰਜਾਬੀ ਭਾਸ਼ਾ, ਉੱਤਰੀ ਭਾਰਤ ਦੀਆਂ ਹੋਰ ਭਾਸ਼ਾਵਾਂ ਨਾਲੋਂ ਕੋਈ 1000 ਸਾਲ ਪਹਿਲਾਂ ਆਪਣੀ ਵੱਖਰੀ ਹੋਂਦ ਬਣਾਉਣ ਦੇ ਰਾਹ ਪੈਂਦੀਆਂ ਹਨ। ਪ੍ਰਸਿੱਧ ਭਾਸ਼ਾ ਵਿਗਿਆਨੀ ਰਾਹੁਲ ਸੰਕਰਤਾਇਨ ਦਾ ਮੱਤ ਹੈ ਕਿ 8ਵੀਂ ਸਦੀ ਤੱਕ ਦੇਸੀ ਬੋਲੀਆਂ ਵਿੱਚ ਸਾਹਿਤ ਲਿਖਣ ਦੀ ਪਰੰਪਰਾ ਆਰੰਭ ਹੋ ਗਈ ਸੀ। ਇਸੇ ਸਮੇਂ ਤੱਕ ਪੰਜਾਬੀ ਭਾਸ਼ਾ ਵੀ ਹੋਂਦ ਵਿੱਚ ਆ ਚੁੱਕੀ ਸੀ ਜਿਸ ਕਰਕੇ ਇਸ ਸਮੇਂ ਤੱਕ ਪੰਜਾਬੀ ਭਾਸ਼ਾ ਵਿੱਚ ਸਾਹਿਤ ਰਚੇ ਜਾਣ ਦੀ ਸੰਭਾਵਨਾ ਦਲੀਲਪੂਰਵਕ ਲੱਗਦੀ ਹੈ। ਕੋਈ ਵੀ ਭਾਸ਼ਾ ਹੌਲੀ-ਹੌਲੀ ਵਿਕਾਸ ਕਰਕੇ ਆਪਣਾ ਇੱਕ ਵੱਖਰਾ ਸਰੂਪ ਬਣਾਉਂਦੀ ਹੈ। ਵਿਦਵਾਨ ਇਸ ਮੱਤ ਨਾਲ ਸਹਿਮਤ ਹਨ ਕਿ 8ਵੀਂ, 9ਵੀਂ ਸਦੀ ਵਿੱਚ ਨਾਥ ਜੋਗੀਆਂ ਦੁਆਰਾ ਰਚੇ ਸਾਹਿਤ ਨਾਲ ਪੰਜਾਬੀ ਸਾਹਿਤ ਦਾ ਮੁੱਢ ਬੱਝ ਗਿਆ ਸੀ।

ਲਿਖਤੀ ਜਾਂ ਵਿਸ਼ਸ਼ਟ ਸਾਹਿਤ ਦੀ ਸਿਰਜਨਾ ਤੋਂ ਪਹਿਲਾਂ ਲੋਕ ਸਾਹਿਤ ਮੌਜੂਦ ਹੁੰਦਾ ਹੈ। ਸੋ ਨਾਥ ਜੋਗੀਆਂ ਦੇ ਸਾਹਿਤ ਬਾਰੇ ਚਰਚਾ ਕਰਨ ਤੋਂ ਪਹਿਲਾਂ ਲੋਕ ਸਾਹਿਤ ਬਾਰੇ ਚਰਚਾ ਕਰਨਾ ਬਣਦਾ ਹੈ। ਲੋਕ ਸਾਹਿਤ ਲੋਕਾਂ ਦੁਆਰਾ ਸਿਰਜਤ ਉਹ ਸਾਹਿਤ ਹੁੰਦਾ ਹੈ ਜੋ ਮੂੰਹ-ਜ਼ਬਾਨੀ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪੁੱਜਦਾ ਹੈ। ਇਸ ਵਿੱਚ ਲੋਕ ਸਮੂਹ ਦੀਆਂ ਭਾਵਨਾਵਾਂ ਦਾ ਪ੍ਰਗਟਾ ਹੁੰਦਾ ਹੈ। ਸਮਾਂ, ਸਥਾਨ ਬਦਲਣ ਨਾਲ ਇਸ ਦਾ ਰੰਗ ਰੂਪ ਬਦਲਦਾ ਰਹਿੰਦਾ ਹੈ। ਲੋਕ ਸਾਹਿਤ ਦੀ ਰਚਨਾ ਕਈ ਰੂਪਾਕਾਰਾ ਜਿਵੇਂ ਵਾਰਾਂ, ਬਾਰਮਾਹ, ਅਲਾਹੁਣੀਆਂ, ਸਿੱਠਣੀਆਂ ਤੇ ਛੰਦਾਂ ਵਿੱਚ ਹੋਈ ਮਿਲਦੀ ਹੈ।

ਮੱਧਕਾਲ ਵਿੱਚ ਇਨ੍ਹਾਂ ਲੋਕ ਕਾਵਿ-ਰੂਪਾਂ ਨੂੰ ਆਧਾਰ ਬਣਾ ਕੇ ਗੁਰੂ ਸਾਹਿਬਾਨ ਨੇ ਰਚਨਾ ਕੀਤੀ। ਲੋਕ ਕਥਾਵਾਂ, ਲੋਕ ਅਖਾਣ ਤੇ ਮੁਹਾਵਰੇ ਵੀ ਲੋਕ ਸਾਹਿਤ ਦਾ ਵੱਡਾ ਖਜ਼ਾਨਾ ਹਨ। ਆਦਿ ਕਾਲ ਵਿੱਚ ਮਿਲਦੀਆਂ ਲੋਕ ਵਾਰਾਂ ਨੂੰ ਪੰਜਾਬੀ ਵਾਰ ਕਾਵਿ ਪਰੰਪਰਾ ਦਾ ਮੁੱਢਲਾ ਵਿਰਸਾ ਕਿਹਾ ਜਾ ਸਕਦਾ ਹੈ। ਵਾਰ ਰੂਪਾਕਾਰ ਵਿੱਚ ਕਿਸੇ ਯੁੱਧ ਦਾ ਵਰਨਣ ਕਵਿਤਾ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਸ ਵਿੱਚ ਕਿਸੇ ਵੀਰ ਨਾਇਕ ਦੁਆਰਾ ਬਹਾਦਰੀ ਨਾਲ ਕਿਸੇ ਖਲਨਾਇਕ ਉੱਤੇ ਪ੍ਰਾਪਤ ਕੀਤੀ ਜਿੱਤ ਦਾ ਜ਼ਿਕਰ ਹੁੰਦਾ ਹੈ। ਆਦਿ ਗ੍ਰੰਥ ਵਿੱਚ ਦਰਜ 22 ਵਾਰਾਂ ਨੂੰ ਲੋਕ ਵਾਰਾਂ ਦੀ ਧੁਨੀ 'ਚ ਗਾਉਣ ਦਾ ਆਦੇਸ਼ ਹੈ। ਕੁਝ ਪ੍ਰਸਿੱਧ ਲੋਕ ਵਾਰਾਂ ਇਸ ਤਰ੍ਹਾਂ ਹਨ :

68 / 87
Previous
Next