ਉਪਰੋਕਤ ਲੋਕ ਵਾਰਾਂ ਦਾ ਕੋਈ ਲਿਖਤੀ ਨਮੂਨਾ ਨਹੀਂ ਮਿਲਦਾ। ਇਹ ਵਾਰਾਂ ਭੱਟਾਂ ਜਾਂ ਢਾਡੀਆਂ ਦੁਆਰਾ ਉਚਾਰੀਆਂ ਜਾਂ ਗਾਈਆਂ ਹੋਈਆਂ ਹਨ। ਇਨ੍ਹਾਂ ਵਿੱਚ ਉਸ ਸਮੇਂ ਦੇ ਸਰਦਾਰਾਂ ਦੀ ਖਿੱਚੋਤਾਣ ਦਾ ਝਲਕਾਰਾ ਪੈਂਦਾ ਹੈ।
ਪੰਜਾਬ ਦਾ ਮੁੱਢ ਨਾਥ ਜੋਗੀਆਂ ਦੇ ਸਾਹਿਤ ਨਾਲ 8ਵੀਂ, 9ਵੀਂ ਸਦੀ ਵਿੱਚ ਬੱਝਦਾ ਹੈ। ਇਹ ਨਾਥ ਜੋਗੀ 8ਵੀਂ, 9ਵੀਂ ਤੇ 10ਵੀਂ ਸਦੀ ਵਿੱਚ ਪੰਜਾਬ ਤੇ ਰਾਜਸਥਾਨ ਆਦਿ ਖੇਤਰਾਂ ਵਿੱਚ ਘੁੰਮਦੇ ਫਿਰਦੇ ਰਹਿੰਦੇ ਸਨ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨਿਰੰਤਰ ਭ੍ਰਮਣ ਕਰਦੇ ਰਹਿਣ ਕਰਕੇ ਇਨ੍ਹਾਂ ਦੀ ਭਾਸ਼ਾ ਵਿੱਚ ਕਈ ਹੋਰ ਭਾਸ਼ਾਵਾਂ ਦੇ ਸ਼ਬਦਾਂ ਦਾ ਰਲਾਅ ਹੋਣਾ ਸੁਭਾਵਕ ਸੀ।
ਨਾਥ ਬਾਣੀ ਦਾ ਮੋਢੀ ਗੁਰੂ ਗੋਰਖ ਨਾਥ ਨੂੰ ਮੰਨਿਆ ਜਾਂਦਾ ਹੈ। ਪੰਜਾਬੀ ਸਾਹਿਤ ਨਾਲ ਸੰਬੰਧਤ ਹੋਰ ਨਾਥ-ਜੋਗੀ ਚਰਪਟ ਨਾਥ, ਮਛੰਦਰ ਨਾਥ, ਰਤਨ ਨਾਥ, ਚੌਰੰਗੀ ਨਾਥ ਆਦਿ ਹਨ। ਨਾਥ ਜੋਗੀਆਂ ਦੀ ਰਚਨਾ ਸ਼ਲੋਕਾਂ, ਦੋਹਿਆਂ ਜਾਂ ਪਦਿਆਂ ਦੇ ਰੂਪ ਵਿੱਚ ਮਿਲਦੀ ਹੈ। ਨਾਥ ਜੋਗੀ ਇਸਤਰੀ ਨੂੰ ਅਧਿਆਤਮਕ ਵਿਕਾਸ ਦੇ ਰਾਹ ਵਿੱਚ ਵੱਡੀ ਰੁਕਾਵਟ ਮੰਨਦੇ ਹਨ। ਗੋਰਖ ਨਾਥ ਦੀਆਂ ਹੇਠ ਲਿਖੀਆਂ ਸਤਰਾਂ ਇਸੇ ਗੱਲ ਦੀ ਗਵਾਹੀ ਭਰਦੀਆਂ ਹਨ :
"ਦਾਮ ਕਾਢ ਬਾਘਣ ਲੈ ਆਇਆ
ਮਾਊ ਕਹੇ ਮੇਰਾ ਪੂਤ ਬਿਆਇਆ॥"
ਨਾਥ ਜੋਗੀਆਂ ਦਾ ਸਾਹਿਤ ਬੇਸ਼ਕ ਕਰਮ ਕਾਂਡ ਤੇ ਜਾਤੀ ਪ੍ਰਥਾ ਦਾ ਵਿਰੋਧੀ ਸੀ ਪਰ ਇਸਤਰੀ ਤੇ ਗ੍ਰਹਿਸਥੀ ਜੀਵਨ ਪ੍ਰਤੀ ਨਾਂਹਮੁਖੀ ਹੋਣ ਕਰਕੇ ਇਤਰਾਜ਼ ਤੋਂ ਮੁਕਤ ਨਹੀਂ ਹੋ ਸਕਿਆ।
ਨਾਥ ਜੋਗੀਆਂ ਤੋਂ ਇਲਾਵਾ ਵਿਦਵਾਨਾਂ ਨੇ ਬਾਬਾ ਸ਼ੇਖ ਫ਼ਰੀਦ ਦੀ ਰਚਨਾ ਨੂੰ ਵੀ ਆਦਿ ਕਾਲ ਅਧੀਨ ਰੱਖ ਕੇ ਵਿਚਾਰਿਆ ਹੈ। ਬਾਬਾ ਸ਼ੇਖ ਫ਼ਰੀਦ ਦੀ ਬਾਣੀ ਨਾਲ ਪੰਜਾਬੀ ਦਾ ਸੂਫ਼ੀ ਕਾਵਿ-ਧਾਰਾ ਦਾ ਮੁੱਢ ਬੱਝਦਾ ਹੈ। ਬਾਬਾ ਫ਼ਰੀਦ ਦਾ ਜੀਵਨ ਕਾਲ 1173 ਈ. ਤੋਂ 1266 ਈ. ਤੱਕ ਦਾ ਬਣਦਾ ਹੈ। ਆਪ ਜੀ ਨੂੰ ਪੰਜਾਬੀ ਸੂਫ਼ੀ ਕਾਵਿ ਧਾਰਾ ਦਾ ਮੋਢੀ ਕਵੀ ਹੋਣ ਦਾ ਤੇ ਨਾਲ-ਨਾਲ ਪੰਜਾਬੀ ਦਾ ਪਹਿਲਾ ਪ੍ਰਮਾਣਿਕ ਸਾਹਿਤਕਾਰ ਮੰਨਿਆ ਜਾਂਦਾ ਹੈ। ਕਿਉਂਕਿ ਪੰਜਾਬੀ ਬੋਲੀ ਆਪਣੇ ਠੇਠ ਰੰਗ ਵਿੱਚ ਪਹਿਲੀ ਵਾਰ ਬਾਬਾ ਸ਼ੇਖ ਫ਼ਰੀਦ ਦੀ ਰਚਨਾ ਨਾਲ ਹੀ ਸਾਹਮਣੇ ਆਉਂਦੀ ਹੈ। ਆਪ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੋਣ ਦਾ ਮਾਣ ਹਾਸਲ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ ਨਾਂ ਹੇਠ 132 ਸਲੋਕ ਦਰਜ ਹਨ। ਇਨ੍ਹਾਂ ਵਿਚੋਂ 112 ਸਲੋਕ ਆਪ ਜੀ ਦੁਆਰਾ ਰਚਿਤ ਹਨ ਜਦਕਿ ਬਾਕੀ 20 ਸਲੋਕ ਗੁਰੂ ਸਾਹਿਬਾਨ (ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ) ਦੇ ਹਨ ਜੋ ਫ਼ਰੀਦ ਦੀ ਰਚਨਾ ਉੱਤੇ ਟਿੱਪਣੀ ਵਜੋਂ ਦਰਜ ਹਨ। ਇਸ ਤੋਂ ਇਲਾਵਾ ਆਪ ਜੀ ਨੇ ਰਾਗ ਆਸਾ ਤੇ ਸੂਹੀ ਵਿੱਚ ਦੋ ਸ਼ਬਦਾਂ ਦੀ ਰਚਨਾ ਕੀਤੀ ਹੈ। ਬਾਬਾ ਫ਼ਰੀਦ ਦੀ ਬਾਣੀ ਪ੍ਰਮਾਤਮਾ ਦੀ ਹੋਂਦ ਨੂੰ ਸਰਬ-ਵਿਆਪਕ ਮੰਨਦੀ ਹੈ। ਬਾਬਾ ਫ਼ਰੀਦ ਨੇ ਆਪਣੀ ਰਚਨਾ ਵਿੱਚ ਸੰਸਾਰਕ ਨਾਸ਼ਮਾਨਤਾ ਦੀ ਗੱਲ ਕਰਦੇ ਹੋਏ ਮਨੁੱਖ ਨੂੰ ਚੰਗੇ ਕਰਮ ਕਰਨ ਅਤੇ ਨੈਤਿਕ ਤੌਰ 'ਤੇ ਉੱਚਾ ਉੱਠਣ ਦਾ ਸੰਦੇਸ਼ ਦਿੱਤਾ। ਬਾਬਾ ਫ਼ਰੀਦ ਨੇ ਆਪਣੇ ਕਾਵਿ-ਸੰਦੇਸ਼ ਨੂੰ ਸੰਚਾਰਨ ਲਈ ਪੰਜਾਬੀ ਜਨ ਜੀਵਨ ਤੇ ਪ੍ਰਕਿਰਤਕ ਮਾਹੌਲ ਵਿੱਚ ਪਾਈ ਜਾਂਦੀ ਸਮੱਗਰੀ ਨੂੰ ਪ੍ਰਤੀਕਾਂ ਵਜੋਂ ਵਰਤਿਆ।