ਵਿਦਵਾਨ ਆਦਿ ਕਾਲ ਵਿੱਚ ਕੁਝ ਅਜਿਹੀਆਂ ਰਚਨਾਵਾਂ ਦਾ ਜ਼ਿਕਰ ਵੀ ਕਰਦੇ ਹਨ ਜੋ ਗੁੰਮ ਗੁਆਚ ਗਈਆਂ ਹਨ। ਇਨ੍ਹਾਂ ਵਿੱਚ ਮਸਊਦ ਦਾ 'ਦੀਵਾਨ', ਪੁਸ਼ਯ ਕਵੀ ਦਾ 'ਕਿੱਸਾ ਸੱਸੀ ਪੁਨੂੰ', ਮੁੱਲਾਂ ਦਾਊਦ ਦਾ 'ਚਾਂਦ ਨਾਮਾ' ਆਦਿ। ਵਿਦਵਾਨ ਇਨ੍ਹਾਂ ਰਚਨਾਵਾਂ ਦਾ ਹੋਣ ਬਾਰੇ ਸੰਕੇਤ ਤਾਂ ਕਰਦੇ ਹਨ ਪਰ ਇਹ ਰਚਨਾਵਾਂ ਉਪਲਬਧ ਨਹੀਂ ਹਨ।
ਗੁਰਮਤਿ ਕਾਵਿ-ਧਾਰਾ
ਗੁਰਮਤਿ ਕਾਵਿ-ਧਾਰਾ ਮੱਧਕਾਲੀਨ ਪੰਜਾਬੀ ਸਾਹਿਤ ਦੀ ਇੱਕ ਪ੍ਰਮੁੱਖ ਕਾਵਿ-ਧਾਰਾ ਹੈ ਜਿਸ ਦੇ ਮੋਢੀ ਗੁਰੂ ਨਾਨਕ ਦੇਵ ਜੀ ਹੋਏ ਹਨ। ਇਸ ਕਾਵਿ-ਧਾਰਾ ਵਿੱਚ ਸਿੱਖ ਗੁਰੂ ਸਾਹਿਬਾਨ ਤੋਂ ਇਲਾਵਾ ਸੰਤਾਂ ਤੇ ਭਗਤਾਂ ਦੀ ਬਾਣੀ ਆ ਜਾਂਦੀ ਹੈ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਵਿੱਚ ਸ਼ਾਮਲ ਕੀਤਾ। ਇਸ ਤਰ੍ਹਾਂ ਇਸ ਕਾਵਿ-ਧਾਰਾ ਦਾ ਕਾਲ ਖੇਤਰ ਬਾਰ੍ਹਵੀਂ ਸਦੀ ਤੋਂ ਲੈ ਕੇ ਅਠਾਰਵੀਂ ਸਦੀ ਤੱਕ ਫੈਲਿਆ ਹੋਇਆ ਹੈ। ਆਦਿ ਗ੍ਰੰਥ ਤੋਂ ਬਾਹਰਲੇ ਬਾਣੀਕਾਰ ਗੁਰੂ ਗੋਬਿੰਦ ਸਿੰਘ ਤੇ ਭਾਈ ਗੁਰਦਾਸ ਦੀ ਰਚਨਾ ਨੂੰ ਵੀ ਇਸੇ ਵਰਗ ਵਿੱਚ ਰੱਖਿਆ ਜਾ ਸਕਦਾ ਹੈ। ਕੁਝ ਸੰਤਾਂ ਤੇ ਭਗਤਾਂ ਜਿਵੇਂ : ਕਬੀਰ, ਨਾਮਦੇਵ, ਧੰਨਾ, ਰਵਿਦਾਸ ਆਦਿ ਨੇ ਬੇਸ਼ੱਕ ਪੰਜਾਬੀ ਭਾਸ਼ਾ ਵਿੱਚ ਬਾਣੀ ਨਹੀਂ ਰਚੀ ਪਰ ਆਦਿ ਗ੍ਰੰਥ ਵਿੱਚ ਸ਼ਾਮਲ ਹੋਣ ਕਰਕੇ ਗੁਰਮਤਿ ਕਾਵਿ-ਧਾਰਾ ਦੇ ਅੰਤਰਗਤ ਹੀ ਵਿਚਾਰਿਆ ਜਾ ਸਕਦਾ ਹੈ।
ਗੁਰਮਤਿ ਕਾਵਿ-ਧਾਰਾ ਨੇ ਆਪਣੇ ਤੋਂ ਪਹਿਲਾਂ ਮੌਜੂਦ ਵਿਚਾਰਧਾਰਕ ਤੇ ਸਾਹਿਤਕ ਪਰੰਪਰਾਵਾਂ ਨਾਲ ਸੰਵਾਦ ਰਚਾਉਂਦੇ ਹੋਏ ਇੱਕ ਨਵੇਂ ਜੀਵਨ ਦਰਸ਼ਨ ਦੀ ਨੀਂਹ ਰੱਖੀ। ਗੁਰਮਤਿ ਕਾਵਿ-ਧਾਰਾ ਨੇ ਬ੍ਰਾਹਮਣੀ ਕਰਮ ਕਾਂਡ ਤੇ ਜਾਤ-ਪ੍ਰਥਾ ਦਾ ਨਿਖੇਧ ਕਰਦੇ ਹੋਏ ਬਰਾਬਰੀ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਬਹੁ-ਦੇਵਤਾਵਾਦ ਦੀ ਥਾਂ ਇੱਕ ਈਸ਼ਵਰ ਦੀ ਧਾਰਨਾ ਦਾ ਸੰਕਲਪ ਦਿੱਤਾ। ਗੁਰਮਤਿ ਕਾਵਿ-ਧਾਰਾ ਨੇ ਸਰਗੁਣ ਦੀ ਥਾਂ ਨਿਰਗੁਣ ਬ੍ਰਹਮ ਦਾ ਸੰਕਲਪ ਪੇਸ਼ ਕੀਤਾ। ਨਾਥ ਬਾਣੀ ਨਾਲ ਵਿਚਾਰਧਾਰਕ ਸੰਵਾਦ ਰਚਾਉਂਦੇ ਹੋਏ ਗੁਰਮਤਿ ਕਾਵਿ-ਧਾਰਾ ਨੇ ਵੈਰਾਗ ਦੀ ਥਾਂ ਰਾਗ ਤੇ ਉਦਾਸੀ ਜੀਵਨ ਦੀ ਥਾਂ ਗ੍ਰਹਿਸਥੀ ਜੀਵਨ ਨੂੰ ਪਹਿਲ ਦਿੱਤੀ। ਗੁਰਬਾਣੀ ਨੇ ਸਿੱਧਾਂ ਦੇ ਭੋਗ-ਸਾਧਨਾਂ ਤੇ ਨਾਥਾਂ ਦੇ ਯੋਗ-ਸਾਧਨਾ ਦੀ ਜਗ੍ਹਾ ਨਾਮ-ਸਾਧਨਾ ਦਾ ਨਵਾਂ ਸੰਕਲਪ ਉਸਾਰਿਆ। ਗੁਰਬਾਣੀ ਦੇ ਅਧਿਆਤਮਕ ਸੋਮਿਆਂ ਵਿੱਚ ਭਗਤੀ ਲਹਿਰ ਤੇ ਵੇਦਾਂਤ ਦਾ ਵੀ ਮਹੱਤਵਪੂਰਨ ਯੋਗਦਾਨ ਹੈ। ਭਗਤੀ ਮਾਰਗ ਵਿੱਚ ਸਰਗੁਣ ਤੇ ਨਿਰਗੁਣ ਭਗਤੀ ਦੇ ਦੋ ਮੁਖ ਭੇਦ ਹਨ। ਨਿਰਗੁਣ ਭਗਤੀ ਅਵਤਾਰਵਾਦ ਦਾ ਨਿਖੇਧ ਕਰਕੇ ਨਿਰਾਕਾਰ ਬ੍ਰਹਮ ਦੀ ਗੱਲ ਕਰਦਾ ਹੈ। ਨਿਰਗੁਣ ਭਗਤੀ ਨੇ ਅਦਵੈਤ ਵੇਦਾਂਤ ਦੇ ਦਾਰਸ਼ਨਿਕ ਸੰਕਲਪਾਂ ਜਿਵੇਂ ਜੀਵ, ਜਗਤ, ਬ੍ਰਹਮ, ਮੁਕਤੀ ਆਦਿ ਪ੍ਰਯੋਗ ਕਰਕੇ ਇਸ ਨਾਲ ਆਪਣੀ ਸਾਂਝ ਦੇ ਸਬੂਤ ਦਿੱਤੇ ਹਨ। ਇਸਲਾਮ ਧਰਮ ਨੇ ਵੀ ਬਹੁ-ਦੇਵਤਾਵਾਦ ਤੇ ਬੁੱਤ-ਪੂਜਾ ਦਾ ਵਿਰੋਧ ਕਰਕੇ ਇੱਕ ਈਸ਼ਵਰ ਦੀ ਧਾਰਨਾ ਪੇਸ਼ ਕੀਤੀ ਜੋ ਨਿਰਗੁਣ ਬ੍ਰਹਮ ਦੀ ਧਾਰਨਾ ਨਾਲ ਮੇਲ ਖਾਂਦੀ ਹੈ। ਗੁਰਮਤਿ ਵਿਚਾਰਧਾਰਾ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿਸ਼ੈ ਵਿਕਾਰਾਂ ਤੋਂ ਮੁਕਤ ਹੋ ਸੱਚਾ-ਸੁੱਚਾ ਜੀਵਨ ਜੀਉਣ ਦੀ ਪ੍ਰੇਰਨਾ ਦਿੱਤੀ। ਗੁਰਬਾਣੀ ਮਨੁੱਖ ਸਾਹਵੇਂ ਇਹ ਪ੍ਰਸ਼ਨ ਖੜ੍ਹਾ ਕਰਦੀ ਹੈ ਕਿ ਸਚਿਆਰ ਕਿਵੇਂ ਹੋਇਆ ਜਾਏ ? ਆਦਰਸ਼ਕ ਮਨੁੱਖ ਭਾਵ ਗੁਰਮੁਖ ਹੋਣ ਲਈ ਗੁਰੂ ਦੀ ਅਧਿਆਤਮਕ ਅਗਵਾਈ ਨੂੰ ਲਾਜ਼ਮੀ ਮੰਨਿਆ ਗਿਆ ਹੈ। ਰਹੱਸਵਾਦ ਅਤੇ ਨੈਤਿਕਤਾ ਗੁਰਮਤਿ ਜੀਵਨ ਦਰਸ਼ਨ ਦੇ ਦੋ ਪ੍ਰਮੁੱਖ ਤੱਤ ਹਨ। ਗੁਰਮਤਿ ਕਾਵਿ-ਧਾਰਾ ਆਪਣੇ ਅਧਿਆਤਮਕ ਸੰਦੇਸ਼ ਦੇ ਸੰਚਾਰ ਲਈ ਪ੍ਰਗੀਤ ਅਤੇ ਉਪਦੇਸ਼ਾਤਮਕ ਕਾਵਿ-ਰੂਪਾਂ ਨੂੰ ਆਧਾਰ ਬਣਾਉਂਦੀ ਹੈ।
ਗੁਰਮਤਿ ਕਾਵਿ-ਧਾਰਾ ਦੇ ਪ੍ਰਮੁੱਖ ਬਾਣੀਕਾਰ
ਗੁਰੂ ਨਾਨਕ ਦੇਵ ਜੀ (1469 - 1539 ਈ.) :
ਗੁਰਮਤਿ ਕਾਵਿ-ਧਾਰਾ ਦੇ ਮੋਢੀ ਬਾਣੀਕਾਰ ਗੁਰੂ ਨਾਨਕ ਦੇਵ ਜੀ ਨੇ ਵੱਖ-ਵੱਖ ਕਾਵਿ-ਰੂਪਾਂ ਤੇ ਛੰਦਾਂ ਵਿੱਚ ਬਾਣੀ ਦੀ ਰਚਨਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ ਆਪ ਜੀ ਨੇ 19 ਰਾਗਾਂ ਵਿੱਚ ਬਾਣੀ ਰਚੀ। ਪੱਟੀ,