ਭਾਈ ਗੁਰਦਾਸ :
ਆਦਿਕਾਲ ਦੇ ਬਾਣੀਕਾਰਾਂ ਤੋਂ ਇਲਾਵਾ ਗੁਰਮਤਿ ਵਿਚਾਰਧਾਰਾ ਦੇ ਉਪਾਸ਼ਕਾਂ ਵਿੱਚ ਭਾਈ ਗੁਰਦਾਸ ਜੀ ਦਾ ਨਾਮ ਅਹਿਮ ਹੈ। ਆਪ ਆਦਿ ਗ੍ਰੰਥ ਦੀ ਬੀੜ ਦੇ ਪਹਿਲੇ ਲਿਖਾਰੀ ਹਨ। ਆਪ ਜੀ ਨੇ 40 ਵਾਰਾਂ ਤੇ 556 ਕਬਿਤ ਸਵਯੈ ਰਚੇ। ਆਪ ਜੀ ਨੇ ਆਪਣੀਆਂ ਵਾਰਾਂ ਵਿੱਚ ਗੁਰਮਤਿ ਸਿਧਾਂਤਾਂ ਤੇ ਵਿਚਾਰਧਾਰਾ ਦੇ ਬੁਨਿਆਦੀ ਪੱਖਾਂ ਦੀ ਵਿਆਖਿਆ ਕੀਤੀ।
ਗੁਰੂ ਤੇਗ ਬਹਾਦਰ ਜੀ (1621 - 1675 ਈ.) :
ਨੌਵੇਂ ਗੁਰੂ ਤੇਗ ਬਹਾਦਰ ਜੀ ਨੇ ਸ਼ਬਦਾਂ ਤੇ ਸਲੋਕਾਂ ਵਿੱਚ ਬਾਣੀ ਦੀ ਸਿਰਜਨਾ ਕੀਤੀ। ਆਪ ਜੀ ਨੇ 59 ਸ਼ਬਦ ਤੇ 56 ਸਲੋਕ ਰਚੇ। ਆਪ ਦੇ ਸਲੋਕਾਂ ਵਿੱਚ ਕੇਂਦਰ ਸੁਰ ਵੈਰਾਗ ਤੇ ਸੰਸਾਰਕ ਨਾਸ਼ਮਾਨਤਾ ਦੀ ਹੈ।
ਗੁਰੂ ਗੋਬਿੰਦ ਸਿੰਘ ਜੀ (1666 – 1708 ਈ.) :
ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹਨ। ਆਪ ਜੀ ਦੀ ਬਹੁਤ ਰਚਨਾ ਬ੍ਰਿਜ ਭਾਸ਼ਾ ਵਿੱਚ ਹੈ। ਔਰੰਗਜ਼ੇਬ ਨੂੰ ਲਿਖੀ ਰਚਨਾ 'ਜ਼ਫ਼ਰਨਾਮਾ' ਫ਼ਾਰਸੀ ਭਾਸ਼ਾ ਵਿੱਚ ਹੈ। 'ਚੰਡੀ ਦੀ ਵਾਰ` ਦੀ ਰਚਨਾ ਕਰਕੇ ਆਪ ਜੀ ਨੇ ਬੀਰ ਰਸੀ ਕਾਵਿ-ਪਰੰਪਰਾ ਨੂੰ ਸਿਖਰ ਪ੍ਰਦਾਨ ਕੀਤੀ। ਖਾਲਸਾ ਪੰਥ ਦੀ ਸਿਰਜਨਾ ਕਰਕੇ ਆਪ ਜੀ ਨੇ ਪੀੜਤ ਲੋਕਾਈ ਵਿੱਚ ਨਵਾਂ ਜਜ਼ਬਾ ਭਰਿਆ।
ਸੂਫ਼ੀ ਕਾਵਿ-ਧਾਰਾ
ਸੂਫ਼ੀ ਕਾਵਿ-ਧਾਰਾ ਮੱਧਕਾਲੀਨ ਪੰਜਾਬੀ ਸਾਹਿਤ ਦੀ ਇੱਕ ਪ੍ਰਮੁੱਖ ਕਾਵਿ ਧਾਰਾ ਹੈ। ਪੰਜਾਬੀ ਸੂਫ਼ੀ ਕਾਵਿ-ਧਾਰਾ ਦਾ ਮੁੱਢ ਬਾਬਾ ਸ਼ੇਖ ਫ਼ਰੀਦ ਦੀ ਰਚਨਾ ਨਾਲ ਬੱਝਦਾ ਹੈ ਜਿਸ ਦਾ ਸਮਾਂ ਬਾਰ੍ਹਵੀਂ ਸਦੀ ਮੰਨਿਆ ਗਿਆ ਹੈ। ਬਾਬਾ ਫ਼ਰੀਦ ਤੋਂ ਬਾਅਦ ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਤੇ ਸੁਲਤਾਨ ਬਾਹੂ ਆਦਿ ਸੂਫ਼ੀ ਕਵੀਆਂ ਨੇ ਸੂਫ਼ੀ ਕਾਵਿ-ਧਾਰਾ ਨੂੰ ਸਿਖਰ 'ਤੇ ਪਹੁੰਚਾਇਆ। ਸੂਫ਼ੀਵਾਦ ਦੇ ਨਿਕਾਸ ਬਾਰੇ ਅਨੇਕਾਂ ਮਤ ਪ੍ਰਚਲਿਤ ਹਨ। ਕੁਝ ਵਿਦਵਾਨ ਸੂਫੀਮਤ ਨੂੰ ਇਸਲਾਮ ਦੇ ਅੰਦਰੋਂ ਉਪਜੀ ਅਧਿਆਤਮਕ ਲਹਿਰ ਮੰਨਦੇ ਹਨ। ਕੁਝ ਵਿਦਵਾਨਾਂ ਦਾ ਮੱਤ ਹੈ ਕਿ ਇਸਲਾਮ ਉੱਪਰ ਯੂਨਾਨੀ ਦਰਸ਼ਨ, ਈਸਾਈ ਮਤ ਤੇ ਬੁੱਧ ਮਤ ਦੇ ਪ੍ਰਭਾਵ ਵਜੋਂ ਸੂਫ਼ੀਮਤ ਦਾ ਨਿਕਾਸ ਹੋਇਆ। ਸੂਫ਼ੀ ਵਿਚਾਰਧਾਰਾ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਹ ਸ਼ੁਰੂ ਤੋਂ ਅਖੀਰ ਤੱਕ ਇਸਲਾਮ ਦੇ ਮੂਲ ਸਿਧਾਂਤਾਂ ਨਾਲ ਜੁੜੀ ਰਹਿੰਦੀ ਹੈ। ਸੂਫ਼ੀ ਮਤ ਨੇ ਇਸਲਾਮ ਦੇ ਬਾਹਰਮੁਖੀ ਕਰਮਕਾਂਡਾਂ ਦੀ ਅੰਦਰੂਨੀ ਸ਼ੁੱਧਤਾ 'ਤੇ ਜ਼ੋਰ ਦਿੱਤਾ। ਪੰਜਾਬੀ ਸੂਫ਼ੀ ਕਵੀਆਂ ਨੇ ਇਸ਼ਕ ਮਜਾਜ਼ੀ ਦੀ ਥਾਂ ਇਸ਼ਕ ਹਕੀਕੀ 'ਤੇ ਜ਼ੋਰ ਦਿੱਤਾ। ਸੂਫ਼ੀਆਂ ਨੇ ਸ਼ਰ੍ਹਾ ਦੇ ਬਾਹਰੀ ਭੇਖਾਂ ਦੀ ਸੱਚੇ ਇਸ਼ਕ ਉੱਤੇ ਜ਼ੋਰ ਦਿੱਤਾ। ਸੂਫ਼ੀਮਤ ਇਸਲਾਮ ਦੇ ਕੇਂਦਰੀ ਸਿਧਾਂਤ 'ਤੋਹੀਦ' ਭਾਵ ‘ਖੁਦਾ ਦੀ ਏਕਤਾ' ਨਾਲ ਗਹਿਰੀ ਤਰ੍ਹਾਂ ਜੁੜਿਆ ਹੋਇਆ ਹੈ। ਪੰਜਾਬ ਵਿੱਚ ਸੂਫ਼ੀਮਤ ਦਾ ਪ੍ਰਵੇਸ਼ ਮੁਸਲਮਾਨ ਹਮਲਾਵਰਾਂ ਦੇ ਨਾਲ ਹੋਇਆ ਮੰਨਿਆ ਜਾਂਦਾ ਹੈ। ਪੰਜਾਬ ਦਾ ਇਸਲਾਮ ਨਾਲ ਪਹਿਲਾ ਸੰਪਰਕ 712 ਈਸਵੀ ਵਿੱਚ ਮੁਹੰਮਦ ਬਿਨ ਕਾਸਮ ਦੇ ਹਮਲੇ ਨਾਲ ਹੋਇਆ। ਇਸ ਤੋਂ ਬਾਅਦ ਮਹਿਮੂਦ ਗਜ਼ਨਵੀ ਤੇ ਫਿਰ ਉਸ ਦੇ ਪੁੱਤਰ ਮਾਸੂਦ ਨੇ ਪੰਜਾਬ 'ਤੇ ਹਮਲਾ ਕੀਤਾ। ਇਨ੍ਹਾਂ ਰਾਜਸੀ ਹਮਲਿਆਂ ਨਾਲ ਸੂਫ਼ੀਆਂ ਦਾ ਪੰਜਾਬ ਵਿੱਚ ਪ੍ਰਵੇਸ਼ ਸ਼ੁਰੂ ਹੋਇਆ।
ਪੰਜਾਬੀ ਵਿੱਚ ਸੂਫ਼ੀ ਕਵਿਤਾ ਦਾ ਆਰੰਭ ਬਾਬਾ ਸ਼ੇਖ ਫ਼ਰੀਦ (1168 - 1273 ਈ.) ਤੋਂ ਮੰਨਿਆ ਜਾਂਦਾ ਹੈ। ਉਹ ਰਚਨਾ ਨੂੰ ਸੰਗੀਤਕਤਾ ਪ੍ਰਦਾਨ ਕਰਦਾ ਹੈ। ਸ਼ੇਖ ਫ਼ਰੀਦ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੋਣ ਦਾ ਮਾਣ ਹਾਸਲ ਹੈ। ਪੰਜਾਬੀ ਸਾਹਿਤ ਦੇ ਇਤਿਹਾਸਕਾਰ ਬਾਬਾ ਸ਼ੇਖ ਫ਼ਰੀਦ ਨੂੰ ਆਦਿ ਕਾਲੀਨ ਪੰਜਾਬੀ ਸਾਹਿਤ