ਦੇ ਅੰਤਰਗਤ ਰਖਦੇ ਵਿਚਾਰਦੇ ਹਨ। ਬਾਬਾ ਸ਼ੇਖ ਫ਼ਰੀਦ ਤੋਂ ਬਾਅਦ ਜਿਹੜੇ ਮੁੱਖ ਸੂਫ਼ੀ ਕਵੀਆਂ ਨੇ ਸੂਫ਼ੀ ਕਾਵਿ-ਧਾਰਾ ਨੂੰ ਵਿਕਸਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਉਹ ਇਸ ਤਰ੍ਹਾਂ ਹਨ :
ਸ਼ਾਹ ਹੁਸੈਨ (1539-1599 ਈ.) :
ਬਾਬਾ ਸ਼ੇਖ਼ ਫ਼ਰੀਦ ਤੋਂ ਬਾਅਦ ਜਿਸ ਸੂਫ਼ੀ ਕਵੀ ਦੀ ਰਚਨਾ ਪ੍ਰਾਪਤ ਹੁੰਦੀ ਹੈ ਉਹ ਸ਼ਾਹ ਹੁਸੈਨ ਹੈ। ਸ਼ਾਹ ਹੁਸੈਨ ਦੀ ਵਧੇਰੇ ਰਚਨਾ ਕਾਫ਼ੀਆਂ ਦੇ ਰੂਪ ਵਿੱਚ ਪ੍ਰਾਪਤ ਹੁੰਦੀ ਹੈ। ਸ਼ਾਹ ਹੁਸੈਨ ਦਾ ਸੰਬੰਧ ਸੂਫ਼ੀਆਂ ਦੇ 'ਮਲਾਮਤੀ ਸੰਪ੍ਰਦਾਇ’ ਨਾਲ ਹੈ। ਸ਼ਾਹ ਹੁਸੈਨ ਦੀਆਂ ਕਾਫ਼ੀਆਂ ਵਿੱਚ ਬਿਰਹਾ ਦਾ ਰੰਗ ਉਘੜਵੇਂ ਰੂਪ ਵਿੱਚ ਹੈ। ਸ਼ਾਹ ਹੁਸੈਨ ਦੀਆਂ ਕਾਫ਼ੀਆਂ ਵਿੱਚ ਇਸ਼ਕ ਵਿਦਰੋਹ ਦਾ ਰੂਪ ਵੀ ਧਾਰਦਾ ਹੈ। ਸ਼ਾਹ ਹੁਸੈਨ ਦੀਆਂ ਕਾਫ਼ੀਆਂ ਪਿਆਰ ਤੇ ਵੈਰਾਗ ਦੇ ਤੀਬਰ ਭਾਵ ਨੂੰ ਪ੍ਰਗਟ ਕਰਦੀਆਂ ਹਨ। ਉਸ ਵਿੱਚ ਪ੍ਰਭੂ ਵਿੱਚ ਲੀਨ ਹੋਣ ਦੀ ਤੀਬਰ ਇੱਛਾ ਹੈ। ਉਹ ਆਪਣੇ ਭਾਵਾਂ ਨੂੰ ਪ੍ਰਗਟਾਉਣ ਲਈ ਪੰਜਾਬੀ ਜਨ ਜੀਵਨ ਤੇ ਸੱਭਿਆਚਾਰ 'ਚੋਂ ਪ੍ਰਤੀਕ ਲੈਂਦਾ ਹੈ।
ਸੁਲਤਾਨ ਬਾਹੂ (1631-1691 ਈ.):
ਸ਼ਾਹ ਹੁਸੈਨ ਤੋਂ ਬਾਅਦ ਸੁਲਤਾਨ ਬਾਹੂ ਦਾ ਸੂਫ਼ੀ ਕਾਵਿ-ਧਾਰਾ ਵਿੱਚ ਅਹਿਮ ਸਥਾਨ ਹੈ। ਬਾਹੂ ਨੇ ਆਪਣੀ ਅਧਿਆਤਮਕ ਸਿੱਖਿਆ ਹਬੀਬਉਲਾ ਕਾਦਰੀ ਅਤੇ ਸਯਦ ਅਬਦੁਲ ਰਹਿਮਾਨ ਤੋਂ ਪ੍ਰਾਪਤ ਕੀਤੀ । ਬਾਹੂ ਅਰਬੀ ਫ਼ਾਰਸੀ ਦੇ ਵਿਦਵਾਨ ਸਨ। ਪੰਜਾਬੀ ਵਿੱਚ ਇਨ੍ਹਾਂ ਦੇ ਰਚੇ ਹੋਏ ਦੋਹੜੇ ਮਿਲਦੇ ਹਨ। ਦਵਈਏ ਛੰਦ ਵਿੱਚ ਰਚੇ ਦੋਹੜਿਆਂ ਵਿੱਚ ਤੁਕ ਦੇ ਅੰਤ ਤੇ 'ਹੂ' ਸ਼ਬਦ ਵਰਤਿਆ ਗਿਆ ਹੈ। ਇਹ 'ਹੂ ਸ਼ਬਦ ਉਸ ਦੀ ਰਚਨਾ ਨੂੰ ਸੰਗੀਤਕਤਾ ਪ੍ਰਦਾਨ ਕਰਦਾ ਹੈ। ਬਾਹੂ ਅਨੁਸਾਰ ਇਸ਼ਕ ਤੇ ਇਲਮ ਦਾ ਕੋਈ ਮੇਲ ਨਹੀਂ। ਉਸ ਅਨੁਸਾਰ ਇਸ਼ਕ ਦੀ ਨਮਾਜ਼ ਵੱਖਰੀ ਹੈ। ਉਸ ਅਨੁਸਾਰ ਭੇਦ-ਭਾਵ ਸਿਖਾਉਣ ਵਾਲਾ ਇਲਮ ਸਾਨੂੰ ਅਸਲੇ ਤੋਂ ਕੋਹਾਂ ਦੂਰ ਲੈ ਜਾਂਦਾ ਹੈ।
ਪੇ ਪੜ੍ਹ-ਪੜ੍ਹ ਇਲਮ ਹਜ਼ਾਰ ਕਿਤਾਬਾਂ
ਆਲਮ ਹੋਏ ਸਾਰੂ ਹੂੰ।
ਇਕ ਤਰਫ਼ ਇਸ਼ਕ ਦਾ ਪੜ੍ਹ ਨਾ ਜਾਣਨ,
ਭੁਲੇ ਫਿਰਨ ਬਿਹਾਰੇ ਹੂੰ।
ਸ਼ਾਹ ਸ਼ਰਫ਼ ਬਟਾਲਵੀ (1640-1724 ਈ.):
ਸ਼ਾਹ ਸ਼ਰਫ਼ ਬਟਾਲਵੀ ਦਾ ਜਨਮ ਬਟਾਲਾ (ਜ਼ਿਲ੍ਹਾ ਗੁਰਦਾਸਪੁਰ) ਵਿੱਚ ਹੋਇਆ। ਆਪ ਨੇ ਸ਼ੇਖ ਮੁਹੰਮਦ ਫ਼ਾਜ਼ਿਲ ਕਾਦਰੀ ਤੋਂ ਅਧਿਆਤਮਕ ਸਿੱਖਿਆ ਪ੍ਰਾਪਤ ਕੀਤੀ। ਉਸ ਦੀ ਰਚਨਾ ਦੋਹੜਿਆਂ ਤੇ ਕਾਫ਼ੀਆਂ ਦੇ ਰੂਪ ਵਿੱਚ ਮਿਲਦੀ ਹੈ। ਉਸ ਦੇ ਕਲਾਮ ਵਿੱਚ ਪ੍ਰੇਮ, ਬਿਰਹੋਂ ਤੇ ਨੈਤਿਕਤਾ ਕੇਂਦਰੀ ਭਾਵ-ਸਰੋਕਾਰ ਬਣਦੇ ਹਨ। ਉਸ ਨੇ ਆਪਣੀਆਂ ਰਚਨਾਵਾਂ ਵਿੱਚ ਅਖੌਤਾਂ ਤੇ ਮੁਹਾਵਰਿਆਂ ਦਾ ਬਹੁਤ ਪ੍ਰਯੋਗ ਕੀਤਾ।
ਬੁੱਲ੍ਹੇ ਸ਼ਾਹ (1680-1758 ਈ.) :
ਬੁੱਲ੍ਹੇ ਸ਼ਾਹ ਦੀ ਰਚਨਾ ਨਾਲ ਸੂਫ਼ੀ ਕਾਵਿ-ਧਾਰਾ ਆਪਣੇ ਸਿਖਰ 'ਤੇ ਪੁੱਜਦੀ ਹੈ। ਉਸ ਦਾ ਸੰਬੰਧ ਕਾਦਰੀ ਸਿਲਸਿਲੇ ਨਾਲ ਸੀ। ਸ਼ਾਹ ਇਨਾਇਤ ਸ਼ਾਹ ਨੂੰ ਉਸ ਨੇ ਗੁਰੂ ਧਾਰਿਆ। ਉਸ ਦੇ ਮਰਨ ਪਿੱਛੋਂ ਬੁੱਲ੍ਹੇ ਸ਼ਾਹ ਉਸ ਦੀ ਗੱਦੀ 'ਤੇ ਬੈਠਿਆ। ਬੁੱਲ੍ਹੇ ਸ਼ਾਹ ਨੇ 156 ਕਾਫ਼ੀਆਂ, 3 ਸੀਹਰਫੀਆਂ, 40 ਗੰਢਾਂ, 49 ਦੋਹੜੇ, ਇੱਕ ਬਾਰਾਮਾਹ ਤੇ ਇੱਕ ਅਠਵਾਰਾਂ ਵਿੱਚ ਰਚਨਾ ਕੀਤੀ। ਬੁੱਲ੍ਹੇ ਸ਼ਾਹ ਨੇ ਆਪਣੀ ਰਚਨਾ ਰਾਹੀਂ ਧਰਮ ਦੇ ਸੰਸਥਾਗਤ ਸਰੂਪ ਦਾ ਡਟ ਕੇ ਵਿਰੋਧ ਕੀਤਾ।