ਸ਼ਹੀਦ
ਉਨ੍ਹਾਂ ਲੋਕਾਂ ਦੀ ਮੰਜਲ ਦਾ ਰਾਹ ਸਿੱਧਾ,
ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ।
ਉਹ ਹੈ ਕੌਮ ਪੂੰਜੀਦਾਰ ਜ਼ਿੰਦਗੀ ਦੀ,
ਜਿਦੇ ਕੋਲ ਸਰਮਾਇਆ ਸ਼ਹੀਦੀਆਂ ਦਾ ।
ਮਿਲਦੇ ਮੌਤ ਨੂੰ ਗਲੀਂ ਜੋ ਹਾਰ ਪਾ ਕੇ,
ਜੀਵਨ ਵਿੱਚ ਨਹੀਂ ਉਨ੍ਹਾਂ ਦੀ ਹਾਰ ਵੇਖੀ,
ਝੱਲੀ ਜਿਦੀ ਸ਼ਹੀਦਾਂ ਦੇ ਫੁਲ ਬਹੁਤੇ
ਓਸੇ ਕੌਮ ਦੀ ਬਾਗੀ ਬਹਾਰ ਵੇਖੀ।
ਹੁੰਦੇ ਕਦੀ ਮੁਹਤਾਜ ਨਹੀਂ ਦੀਵਿਆਂ ਦੇ,
ਹਰ ਇੱਕ ਮੱਸਿਆ ਉਨ੍ਹਾਂ ਦੀ ਚਾਨਣੀ ਏਂ ।
ਜਿਹੜੀ ਕੌਮ ਦੇ ਅਣਖੀ ਪਤੰਗਿਆਂ ਨੇ,
ਸੱਜ ਸਮ੍ਹਾਂ ਦੀ ਲਾਟ ਤੇ ਮਾਨਣੀ ਏਂ ।
ਬਣਦੇ ਕਦੇ ਇਤਿਹਾਸ ਨਹੀਂ ਏਸ ਗੱਲੇ,
(ਕਿ) ਅਸਾਂ ਰਾਜਿਆਂ ਦੇ ਏਨੇ ਪੂਰ ਜੰਮੇਂ ।
ਆਉਣ ਵਾਲੀਆਂ ਨਸਲਾਂ ਨੇ ਪੁਛਣਾਂ ਏਂ,
ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇਂ ।