ਬੇਗੁਨਾਹ ਮਾਸੂਮਾਂ ਦੀ ਰੱਤ ਪਾ ਪਾ,
ਵਰਕੇ ਜਿਨ੍ਹਾਂ ਇਤਿਹਾਸ ਦੇ ਰੰਗ ਲਏ ਨੇ ।
ਅੰਤ ਉਨ੍ਹਾਂ ਹੀ ਅੱਥਰੇ ਸਮੇਂ ਕੋਲੋਂ,
ਹੱਕ ਛਾਤੀਆਂ ਤਾਣ ਕੇ ਮੰਗ ਲਏ ਨੇ ।
ਧਵੇਂ ਮੰਨ ਲੈ ਸਮੇਂ ਦੇ ਝੱਖੜਾਂ ਨੇ,
ਓਸ ਕੌਮ ਦੀਆਂ ਹਿੱਕਾਂ ਕੂਲੀਆਂ ਦੇ ।
ਕਈ ਸਦੀਆਂ ਤੋਂ ਛਾਤੀ ਤੇ ਧਰੀ ਫਿਰਦੇ,
ਜੋ ਨਿਸ਼ਾਨ ਸਲੀਬਾਂ ਤੇ ਸੂਲੀਆਂ ਦੇ ।
ਕੌਮ ਮੇਰੀਏ ! ਸਮੇਂ ਨੇ ਢੋਲ ਮਾਰੇ,
ਭਾਵੇਂ ਉਨ੍ਹਾਂ ਵਿੱਚ ਤੇਰੀ ਆਵਾਜ਼ ਕੋਈ ਨਹੀਂ।
ਜਿਹੜਾ ਮੁਰਦਿਆਂ ਤਾਂਈਂ ਨਚਾ ਸੱਕੇ,
ਕਿਸੇ ਕੋਲ ਤੇਰੇ ਵਰਗਾ ਸਾਜ਼ ਕੋਈ ਨਹੀਂ ।
ਭੱਖੜ ਲੱਖ ਭੁੱਲੇ, ਇਨਕਲਾਬ ਆਵੇ,
ਅਰਸ਼ ਫ਼ਰਸ਼ ਦੀ ਮਿੱਟੀ ਉੜਾਣ ਵਾਲਾ ।
ਤੇਰੇ ਸੁਹਣੇ ਸ਼ਹੀਦਾਂ ਦੇ ਖੂਨ ਉਤੇ,
ਕੋਈ ਨਹੀਂ ਜੰਮਿਆਂ ਧੂੜ ਵੀ ਪਾਣ ਵਾਲਾ ।
ਇਸ਼ਕ ਜਿਨ੍ਹਾਂ ਨੂੰ ਝੰਗਾਂ ਤੇ ਬੋਲਿਆਂ ਦਾ,
ਉਹ ਨਹੀਂ ਵੇਖਦੇ ਤਖਤ ਹਜ਼ਾਰਿਆਂ ਵੱਲ ।
ਕੱਚੇ ਘੜੇ ਤੇ ਤਰਨ ਦੀ ਚਾਹ ਜਿਹਨੂੰ,
ਕਦੇ ਪਰਤਦੇ ਨਹੀਂ ਕਿਨਾਰਿਆਂ ਵੱਲ ।
ਆਪਣਾ ਜਿਦਾ ਇਤਿਹਾਸ ਨਹੀਂ ਲੰਅ ਦੇਂਦਾ,
ਸੂਰਜ ਚੜਿਆਂ ਵੀ ਉਹਦੀ ਸਵੇਰ ਕੋਈ ਨਹੀਂ।
ਜਿਦ੍ਹੇ ਕੋਲ ਨੇ ਮੜ੍ਹੀਆਂ ਸ਼ਹੀਦਾਂ ਦੀਆਂ,
ਓਸ ਕੌਮ ਲਈ ਕਿਤੇ ਹਨੇਰ ਕੋਈ ਨਹੀਂ ।
ਤਾਜ ਮਹਿਲਾਂ ਨੂੰ ਚੁੰਮਣੇ ਲੱਖ ਦਈਏ,
ਕੜਕ ਉਨ੍ਹਾਂ ਦੀ ਫੇਰ ਵੀ ਸੱਖਣੀ ਏਂ ।
ਢਠੀ ਕੰਧ ਸਰਹੰਦ ਦੀ ਹਸ਼ਰ ਤੀਕਰ,
ਉੱਚੀ ਪੱਗ ਪਰ ਕੌਮ ਦੀ ਰੱਖਣੀ ਏਂ ।