ਉਹ ਵੀ ਸਮਾਂ ਸੀ ਪਾਪ ਦੇ ਹੱਕ ਅੰਦਰ,
ਜਗ ਦੇ ਸਾਰੇ ਵਿਧਾਨ ਕਾਨੂੰਨ ਹੋ ਗਏ।
ਟੁੱਟ ਗਈ ਤਕੜੀ ਅਕਲ ਇਨਸਾਫ਼ ਵਾਲੀ,
ਤੇ ਨਿਆਂ ਦੇ ਰਾਖੇ ਫਰਉਨ ਹੋ ਗਏ ।
ਭਾਈ ਭਾਈਆਂ ਦੀ ਜਾਨ ਦੇ ਬਣੇ ਵੈਰੀ,
ਕਾਲੇ ਮੂੰਹ ਹੋ ਗਏ, ਚਿੱਟੇ ਖੂਨ ਹੋ ਗਏ।
ਅਸਲਾ ਆਪਣਾ, ਮਜ਼ਬ ਤੇ ਸ਼ਰਮ ਭੁਲੇ
ਕੌੜੇ ਬਹਿਦ ਹੋ ਗਏ ਮਿੱਠੇ ਲੂਣ ਹੋ ਗਏ ।
ਦਸਦਾ ਏ ਗਲ ਤਿਆਕਲਾਂ ਵਾਂਗ ਭਾਵੇਂ,
ਪੱਥਰ ਦਿਲ ਇਤਿਹਾਸ ਪਰ ਫਿਸ ਪੈਂਦੇ।
ਅੱਖਾਂ ਉਹਦੀਆਂ ਦੇ ਅੰਦਰ ਨੀਰ ਤੇ ਨਹੀਂ,
(ਪਰ) ਖੂਨ ਉਹਦਿਆਂ ਨੈਣਾਂ 'ਚੋਂ ਚੋਂ ਪੈਂਦੇ ।
ਕਰਦੇ ਜਦੋਂ ਖੰਘੂਰ ਕੇ ਗੱਲ ਬਢੜਾ,
ਧੜ ਧੜ ਛਾਤੀ ਮਜ਼ਲੂਮ ਦੀ ਧੜਕਦੀ ਏ ।
ਸੁਣ, ਇੰਜ ਕਲੀਆਂ ਚੀਸ ਵੱਟਦੀਆਂ ਨੇ,
ਜਿਵੇਂ ਸੂਲ ਕਲੇਜੜੇ ਵਿੱਚ ਰੜਕਦੀ ਏ ।
ਇੰਜ ਨ੍ਹੇਰਨੀ ਆਉਂਦੀ ਏ ਘੁਗੀਆਂ ਨੂੰ,
ਜਿਵੇਂ ਆਹਲਣੇ ਤੇ ਬਿਜਲੀ ਕੜਕਦੀ ਏਂ ।
ਇੰਜ ਮੱਛੀਆਂ ਰਾਵੀ 'ਚੋਂ ਵਿੰਹਦੀਆਂ ਨੇ,
ਜਿਵੇਂ ਕੰਢਿਆਂ ਤੇ ਅੱਗ ਭੜਕਦੀ ਏ ।
ਸੁਣ ਕੇ ਗੱਲ ਮਨੁੱਖਤਾ ਅਜੇ ਤੀਕਰ,
ਇੰਜ ਸਹਿਮਦੀ, ਤ੍ਰਭਕਦੀ, ਝੱਕਦੀ ਏ ।
ਸੁਣ ਕੇ ਨਾਂ ਦੁਸ਼ਾਸਨ ਦਾ ਦਰੱਪਦੀ ਜਿਉਂ,
ਹੁਣ ਵੀ ਅੰਬਰੋਂ ਕੰਬ ਕੇ ਤੱਕਦੀ ਏ ।
ਉਹ ਕਹਿੰਦੇ, ਅੱਖਾਂ ਨੇ ਕਈ ਪਤੰਗਿਆਂ ਨੂੰ,
ਉਂਜ ਤੇ ਲਾਟ ਤੋਂ ਸੜਦਿਆਂ ਵੇਖਿਆ ਏ ।
ਮੈਂ ਕਈ ਵੇਰ ਚੁੱਪ ਕੀਤਿਆਂ ਗੁੰਚਿਆਂ ਨੂੰ,
ਦੇਗਾਂ ਵਿੱਚ ਵੀ ਕੜਦਿਆਂ ਵੇਖਿਆ ਏ ।
ਸੜਦੀ ਰੇਤ ਤੇ ਕਈਆਂ ਨਮਾਜ਼ੀਆਂ ਨੂੰ,
ਕਲਮਾ ਯਾਰ ਦਾ ਪੜ੍ਹਦਿਆਂ ਵੇਖਿਆ ਏ।