ਪਰ ਮੈਂ ਕੀ ਦੱਸਾਂ ਅਰਜਨ ਗੁਰੂ ਤਾਂਈਂ,
ਕਿੱਦਾਂ ਚਿਖਾ ਤੇ ਚੜ੍ਹਦਿਆਂ ਵੇਖਿਆ ਏ ।
ਚੋਏ ਚਰਬੀ ਦੇ ਤਿੜਕਦੀ ਖੋਪਰੀ 'ਚੋਂ,
ਦਾੜ੍ਹੇ ਵਿੱਚ ਸਣ ਇਸਤਰ੍ਹਾਂ ਲਟਕ ਜਾਂਦੇ ।
ਜਿਵੇਂ ਹਿੱਲਦੇ ਹਰਮੰਦਰ ਦੇ ਚੋਰ ਉੱਤੇ,
ਫੁਲ ਮੋਤੀਏ ਦੇ ਆ ਕੇ ਅਟਕ ਜਾਂਦੇ ।
ਤਰਦੈ ਜਿਵੇਂ ਸਰੋਵਰ ਵਿੱਚ ਹਰਮੰਦਰ,
ਹਰਿ ਦਾ ਰੂਪ ਇੰਜ ਦੇਗ ਵਿੱਚ ਤਰ ਰਿਹਾ ਸੀ ।
ਚਮਕੇ ਕਲਸ ਜਿਉਂ ਕਿਰਨਾਂ ਦੇ ਡੰਗ ਸਹਿ ਸਹਿ,
ਕੜਛੇ ਰੇਤ ਦੇ ਇਸ ਤਰ੍ਹਾਂ ਜਰ ਰਿਹਾ ਸੀ ।
ਦੀਵਾ ਆਪ ਬਲਕੇ ਜਿਵੇਂ ਲੱ ਦੇਂਦੈ,
ਸੜਕੇ ਇਸ ਤਰ੍ਹਾਂ ਚਾਨਣਾ ਕਰ ਰਿਹਾ ਸੀ।
ਵਿੰਹਦਾ ਰਿਹਾ ਬੇਕਿਰਕ ਸੰਸਾਰ ਬਿਟ ਬਿਟ,
ਸਬਰ ਜਿੱਤਦਾ ਤੇ ਜਬਰ ਹਰ ਰਿਹਾ ਸੀ ।
ਗਰਕੀ ਪਈ ਪਰ ਜਿਹੀ ਮਨੁੱਖਤਾ ਨੂੰ,
ਕੋਈ ਮਨੁੱਖ ਉਭਾਸਰ ਕੇ ਬੋਲਿਆ ਨਾ ।
ਮੀਆਂ ਮੀਰ ਫ਼ਕੀਰ ਦੀ ਅੱਖ ਬਾਝੋਂ,
ਹੰਝੂ ਕਿਸੇ ਨਦੀਦੇ ਨੇ ਡੋਲਿਆ ਨਾ ।
ਰੋਂਦਾ ਵੇਖਕੇ ਸਾਂਈ ਨੂੰ ਕਹਿਣ ਲੱਗਾ,
ਕਾਂਗ ਜ਼ੁਲਮ, ਦੇ ਨੂੰ ਬੋਲ ਲੈਣ ਦਈਏ।
ਰੋਜ਼ ਜ਼ਿੰਦਗੀ ਨਹੀਂ ਉਚੇਚ ਕਰਦੀ,
ਭਰਮ ਮੌਤ ਨੂੰ ਵੀ ਖੋਲ੍ਹ ਲੈਣ ਦਈਏ।
ਗੁਮਰ ਨਿਕਲ ਲਏ ਜਬਰ ਦੀ ਤੱਕੜੀ ਦਾ,
(ਉਹਨੂੰ) ਪਰਬਤ ਸਬਰ ਦਾ ਵੀ ਤੋਲ ਲੈਣ ਦਈਏ ।
ਉਘੜ ਜਾਣਗੇ ਖਿਜ਼ਾਂ ਦੇ ਪਾਜ ਆਪੇ,
ਹੱਸਦੇ ਫੁਲ ਉਹਨੂੰ ਰੋਲ ਲੈਣ ਦਈਏ।
ਜੇਕਰ ਭਲਾ ਬਗੀਚੇ ਦਾ ਲੋੜਨਾ ਏਂ,
ਝੁਲ ਲੈਣ ਦੇ ਝੱਖੜ ਬਰਬਾਦੀਆਂ ਦੇ ।