ਕਾਹਦਾ ਪਤਾ ਏ ਇਨ੍ਹਾਂ ਹਨੇਰਿਆਂ ਹੀ,
ਖੋਲ੍ਹ ਦੇਣੇ ਨੇ ਰਾਹ ਆਜ਼ਾਦੀਆਂ ਦੇ ।
ਕਿਹੜੀ ਗੱਲ ਉੱਤੇ ਤਾਰੇ ਗਿਣਨ ਲੱਗੋਂ,
ਰਾਤ ਰਹਿ ਗਈ ਅੱਧ ਕੁ ਪਹਿਰ ਸਾਂਈਆਂ।
ਢਹਿ ਜਾਣ ਦੇ ਜ਼ੁਲਮ ਦੇ ਕੰਢਿਆਂ ਨੂੰ,
ਆਈ ਹੋਈ ਆ ਇਸ਼ਕ ਨੂੰ ਲਹਿਰ ਸਾਂਈਆਂ।
ਸਾਰੇ ਸਰਾਂ ਨੂੰ ਮਤਾਂ ਹੰਗਾਲ ਸੁੱਟੇ,
ਦੇਗ ਵਿੱਚ ਹੀ ਖੂਰਨ ਦੇ ਜ਼ਹਿਰ ਸਾਈਆਂ ।
ਖੋਰੇ ਮੇਰੇ ਇੱਕਲੇ ਦਾ ਸੀਸ ਵਿਕ ਕੇ,
ਜਾਏ ਭਾਹ ਆਜ਼ਾਦੀ ਦੀ ਠਹਿਰ ਸਾਂਈਆਂ।
ਅਜੇ ਸਹਿਮੀਆਂ ਕਲੀਆਂ ਕਸ਼ਮੀਰ ਦੀਆਂ,
ਹਾਸੇ ਫੁੱਲਾਂ ਦੇ ਉਨ੍ਹਾਂ ਤੋਂ ਵਾਰਨੇ ਨੇ ।
ਜੇ ਨਾ ਦੇਗ ਵਿੱਚ ਤਰਨ ਦੀ ਜਾਚ ਆਈ,
ਕਿਵੇਂ ਬੇੜੇ ਆਜ਼ਾਦੀ ਦੇ ਤਾਰਨੇ ਨੇ ।
ਜਦ ਵੀ ਪੁਛੀਏ ਸਾਉ ਇਤਿਹਾਸ ਕੋਲੋਂ,
ਏਸੇ ਤਰ੍ਹਾਂ ਨਿਭਕ ਹੋ ਬੋਲਦਾ ਏ।
ਫੁੱਲ ਫੋਲ ਕੇ ਯਾਦਾਂ ਦੇ ਪੱਤਰ ਉਹ,
ਮੇਰੇ ਵਤਨ ਦੀਆਂ ਪੀੜਾਂ ਫੌਲਦਾ ਏ ।
ਇਸ਼ਕ ਭਰਿਆਂ ਅਤੇ ਪਤੰਗਿਆਂ ਦਾ,
ਇਨ੍ਹਾਂ ਸਿਦਕੀਆਂ ਦੇ ਸਿਰ ਤੋਂ ਘੋਲਦਾ ਏ।
ਲੱਖਾਂ ਕਾਂਗਾਂ ਤੂਫਾਨਾਂ ਦੀ ਗੱਲ ਕਰਦਾ,
ਪੱਥਰਚਿਤ ਇਤਿਹਾਸ ਦਾ ਡੋਲਦਾ ਏ।
ਪਰ ਇਹ ਕਥਾ ਦੱਸਦਾ ਰੁਕ ਕੇ ਆਖਦਾ ਏ,
ਦਿਲ ਵਿੱਚ ਦਰਦ ਮੇਰੇ ਹਾਲੇ ਪਏ ਹੋਏ ਨੇ ।
ਕਵੀਆਂ ਫੇਰ ਪੁੱਛੀ, ਹਾਲੇ ਛੱਡ ਖਹਿੜਾ,
ਮੇਰੀ ਜੀਭ ਉੱਤੇ ਛਾਲੇ ਪਏ ਹੋਏ ਨੇ ।