ਲਾਹੌਰ
ਲਿਖਿਆ ਹੋਇਆ ਇਤਿਹਾਸ ਦੇ ਪੰਨਿਆਂ ਤੇ,
ਦਿਸਦੇ ਜਦੋਂ ਲਾਹੌਰ ਦਾ ਨਾਂ ਮੈਨੂੰ ।
ਤੱਤੀ ਨਰਕ ਦੀ ਅੱਗ ਤੋਂ ਭਾਸਦੀ ਏ,
ਉਹਦੀ ਠੰਡੜੀ ਤੇ ਗੂਹੜੀ ਛਾਂ ਮੈਨੂੰ ।
ਉਹਦੇ ਰੁੱਖ ਬੂਟੇ ਧੁਖਦੇ ਜਾਪਦੇ ਨੇ,
ਸੜਦੇ ਜਾਪਦੇ ਬਾਗ ਸੁਹਾਂ ਮੈਨੂੰ ।
ਪੱਤਣ ਰਾਵੀ ਦੇ ਅੱਗ ਉਗਲੱਛਦੇ ਨੇ,
ਭੱਠੀ ਬਣੀ ਜਾਪੇ ਹਰ ਇੱਕ ਥਾਂ ਮੈਨੂੰ ।
ਨਾਮ ਓਸਦਾ ਬੁਲ੍ਹਾ ਤੇ ਪਾਏ ਛਾਲੇ,
ਅੱਖਰ ਓਸਦੇ ਜੀਭ ਨੂੰ ਲਾਸਦੇ ਨੇ ।
ਮਹਿਲ ਮਾੜੀਆਂ ਗਲੀ ਬਾਜ਼ਾਰ ਮੈਨੂੰ,
ਤੱਤੀ ਤਵੀ ਦੇ ਵਾਂਗਰਾਂ ਭਾਸਦੇ ਨੇ ।
ਉਹਦੇ ਕਿਲ੍ਹੇ ਦੀਆਂ ਕੰਧਾਂ ਹੇਠ ਹੁਣ ਵੀ,
ਪਲਦਾ ਜ਼ੁਲਮ ਤੇ ਜਬਰ ਮੈਂ ਵੇਖਦਾ ਹਾਂ ।
ਉਹਦੇ ਮਸਜਿਦਾਂ, ਮੰਦਰਾਂ, ਹੁਜਰਿਆਂ ਵਿਚ,
ਬਣਦੇ ਤੇਗ ਤੇ ਤਬਰ ਮੈਂ ਵੇਖਦਾ ਹਾਂ ।
ਓਥੇ ਸ਼ੋਰ ਰਣਜੀਤ ਦੀ ਮੜ੍ਹੀ ਲਾਗੇ,
ਬਣੀ ਅਦਲ ਦੀ ਕਬਰ ਮੈਂ ਵੇਖਦਾ ਹਾਂ ।