ਸੱਸੀ ਸੜੀ ਜੇ ਥਲਾਂ ਵਿੱਚ ਯਾਰ ਪਿਛੇ,
ਏਸ ਸ਼ਹਿਰ ਨੇ ਕਿੱਸੇ ਮਸ਼ਹੂਰ ਕਰ ਲਏ ।
ਓਸ ਕੁੜੀ ਦੇ ਲਾਡਲੇ ਵੈਣ ਸੁਣ ਸੁਣ,
ਸੜ ਸੜ ਕਈਆਂ ਨੇ ਚਿਤ ਮਨੂਰ ਕਰ ਲਏ ।
ਕਚੇ ਘੜੇ ਤੇ ਚੜ੍ਹ ਕੇ ਝਨਾਂ ਤਰਦੀ,
ਮੂਰਖ ਕੁੜੀ ਦੇ ਅਮਲ ਮਨਜ਼ੂਰ ਕਰ ਲਏ ।
ਪੜ੍ਹ ਪੜ੍ਹ ਰੌਣ ਲੱਗੀ ਉਹਦੇ ਕਾਰਨਾਮੇ,
ਆਖਣ ਯਾਰ ਉਸ ਇਸ਼ਕ ਦੇ ਪੂਰ ਕਰ ਲਏ ।
(ਪਰ) ਤਪਦੀ ਰੇਤ ਵਿੱਚ ਵੇਖ ਕੇ ਰੱਬ ਸੜਦਾ,
ਹੋਇਆ ਕਿਸੇ ਨੂੰ ਵੀ ਏਥੇ ਦੁੱਖ ਨਹੀਂ ਸੀ ।
ਤਰਦਾ ਉਬਲਦੇ ਨੀਰ ਵਿੱਚ ਰਹੇ ਵਿੰਹਦੇ,
ਏਸ ਸ਼ਹਿਰ ਵਿੱਚ ਕੋਈ ਮਨੁੱਖ ਨਹੀਂ ਸੀ ।
ਵੇਖੋ ਪੋਥੀਆਂ ਫੋਲ ਇਤਿਹਾਸ ਦੀਆਂ,
ਬੋਲ ਬੋਲ ਸਭ ਇਹੋ ਕਹਿੰਦੀਆਂ ਨੇ ।
ਜਿਨ੍ਹਾਂ ਆਹਲਣਾਂ ਸਿਦਕ ਦਾ ਬੱਲਿਆ ਨਾ,
ਏਸ ਸ਼ਹਿਰ ਵਿੱਚ (ਉਹ) ਬਿਜਲੀਆਂ ਰਹਿੰਦੀਆਂ ਨੇ ।
ਬਣੀਆਂ ਜਿਹੜੀਆਂ ਸਿਖੀ ਦੇ ਕਾਲਜੇ ਲਈ,
ਉੱਸਲਵੱਟ ਛੁਰੀਆਂ ਏਥੇ ਲੈਂਦੀਆਂ ਨੇ ।
ਮੁਢੋਂ ਲਾਗ ਇਖ਼ਲਾਕ ਮਨੁੱਖਤਾ ਨੂੰ,
ਏਸ ਸ਼ਹਿਰ ਵਿਚੋਂ ਬਿੱਜਾਂ ਪੈਂਦੀਆਂ ਨੇ ।
ਏਥੇ ਪਲਚੀ ਸੀ ਤਾਣੀ ਪੰਜਾਬੀਆਂ ਦੀ,
ਪੇਟਾ ਕਿਸੇ ਪਾਸੇ ਤਾਣਾ ਕਿਸੇ ਪਾਸੇ ।
ਸਿੱਖ ਰਾਜ ਦਾ ਖਿੰਡਿਆ ਬੋਹਲ ਏਥੇ,
ਦਾਣਾ ਕਿਸੇ ਪਾਸੇ ਦਾਣਾ ਕਿਸੇ ਪਾਸੇ ।
ਮੇਰੀ ਕੌਮ ਵਿੱਚ ਜਦੋਂ ਤਕ ਜ਼ਿੰਦਗੀ ਏ,
ਅੱਖਾਂ ਖੂਨ ਵਗਾਂਦੀਆਂ ਰਹਿਣਗੀਆਂ ।
ਅਰਜਨ ਗੁਰੂ ਦੇ ਬੂਹੇ ਦੀ ਦੀਦ ਖਾਤਰ,
ਓਥੇ ਸੰਗਤਾਂ ਜਾਂਦੀਆਂ ਰਹਿਣਗੀਆਂ।