ਚੋਖੇ ਚਿਰ ਤੀਕ ਨੀਂਵੀਂ ਪਾਈ ਰਖੀ,
ਅਤੇ ਸੱਚ ਲਈਆਂ ਸੋਚਾਂ ਦੂਰ ਦੀਆਂ ।
ਕੰਢੇ ਬੈਠ ਕੇ ਹੋਰ ਨਾ ਦੇਖ ਸੱਕੇ,
ਇਹ ਮਾਯੂਸੀਆਂ ਡੁਬਦੇ ਪੂਰ ਦੀਆਂ ।
ਮੂੰਹ ਤੇ ਵੇਖ ਕੇ ਸ਼ਾਨ ਇਰਾਦਿਆਂ ਦੀ,
ਗਈਆਂ ਸੂਲੀਆਂ ਡੋਲ ਮਨਸੂਰ ਦੀਆਂ ।
ਆ ਗਈ ਝੁਣਝੁਣੀ ਧਰਮ ਦੇ ਧੌਲ ਤਾਈਂ,
ਪ੍ਰਿਥਵੀ ਉਹਦਿਆਂ ਸਿੰਗਾਂ ਤੇ ਹੱਲ ਪਈ।
ਹੱਕ ਨਿਕਲ ਗਏ ਕਾਲਿਆਂ ਅੰਬਰਾਂ ਦੇ,
ਠੰਡੀ ਵਾ ਕਸ਼ਮੀਰ ਵਿੱਚ ਚੱਲ ਪਈ।
ਤਾਂਹੀਂ ਕਿਤੋਂ ਸਵਾਰੀਆਂ ਆ ਗਈਆਂ,
ਮੇਰੇ ਕਲਗੀਆਂ ਵਾਲੇ ਸੁਲਤਾਨ ਦੀਆਂ ।
ਚੋਖੀ ਉਮਰ ਪਰ ਜਾਪਦੇ ਦੂਰ ਦਾਈਏ,
ਨਾਲ ਫ਼ੌਜਾਂ ਤੇ ਪਲਟਨਾਂ ਹਾਣ ਦੀਆਂ।
ਨਾਗ ਤੀਰਾਂ ਦੇ ਕੀਲ ਕੇ ਜੁੱਟ ਕੀਤੇ,
ਖਿੱਚ ਕੇ ਰੱਖੀਆਂ ਤੰਦਾਂ ਕੁਮਾਨ ਦੀਆਂ ।
ਸੁੱਟੇ ਝਗ ਮਿਆਨ ਵਿਚੋਂ ਤੇਗ਼ ਹਲਦੀ,
ਹੱਸਣ ਕੋਲ ਆਸਾਂ ਹਿੰਦੋਸਤਾਨ ਦੀਆਂ।
ਅੱਖਾਂ ਵਿੱਚ ਮਸਤੀ, ਨੂਰ ਮੁੱਖੜੇ ਤੇ,
ਦਿਲ ਵਿੱਚ ਦਰਦ ਦੀ ਪੰਡ ਸੀ ਧਰੀ ਹੋਈ ।
ਗੱਲ ਗੱਲ ਅੰਦਰ ਇੰਜ ਜਾਪਦਾ ਸੀ,
ਕੁੱਟ ਕੁੱਟ ਫ਼ਿਲਾਸਫ਼ੀ ਭਰੀ ਹੋਈ ।
ਆ ਕੇ ਬੈਠ ਗਏ ਪਿਤਾ ਦੀ ਗੇਂਦ ਅੰਦਰ,
ਲੱਗੇ ਕਹਿਣ, "ਦਾਤਾ ! ਕੀ ਵਿਚਾਰਦੇ ਹੋ ?
ਪੈ ਕੇ ਸੋਚ ਦੇ ਡੂੰਘੇ ਸਮੁੰਦਰਾਂ ਵਿਚ,
ਕਿਹਦੀਆਂ ਡੁੱਬੀਆਂ ਬੇੜੀਆਂ ਤਾਰਦੇ ਹੋ ?
ਪੁੱਟ ਕੇ ਡੂੰਘੀ ਦਲੀਲਾਂ ਦੀ ਨੀਂਹ ਏਡੀ,
ਕਿਹੜੀ ਕੌਮ ਦੇ ਮਹਿਲ ਉਸਾਰਦੇ ਹੋ ?