ਦਿੱਲੀ
ਦਿੱਲੀ ਦਿਲ ਮੁੱਢ ਯੁੱਗ ਗੁਰਦੀਆਂ ਦਾ
ਸਾਨੂੰ ਸਦਾ ਤਾਰੀਖ਼ ਇਹ ਦੱਸਦੀ ਰਹੀ ।
ਇੱਕ ਅੱਖ ਉਹਦੀ ਛਮ ਛਮ ਰਹੀ ਰੋਂਦੀ,
ਦੂਜੀ ਅੱਖ ਉਹਦੀ ਖਿੜ ਖਿੜ ਹੱਸਦੀ ਰਹੀ।
ਖ਼ੁਸ਼ੀਆਂ ਨਾਲ ਏਥੇ ਦੁਨੀਆਂ ਰਹੀ ਆਉਂਦੀ,
ਹੰਝੂਆਂ ਨਾਲ ਏਥੋਂ ਉੱਠ ਉੱਠ ਨੱਸਦੀ ਰਹੀ।
ਵੱਸ ਵੱਸ ਕੇ ਉੱਜੜਦੀ ਰਹੀ ਦਿੱਲੀ,
ਉੱਜੜ ਉੱਜੜ ਕੇ ਸਦਾ ਇਹ ਵੱਸਦੀ ਰਹੀ ।
ਏਥੇ ਮੁਗ਼ਲ ਚੁਗੱਤਾ ਅੰਗ੍ਰੇਜ਼ ਆਇਆ,
ਹਰ ਕੋਈ ਆਪਣਾ ਜੀਵਨ ਪਰਚਾਣ ਆਇਆ ।
ਪਰ ਇਕੱਲੇ ਤੇਗ਼ ਬਹਾਦਰ ਨੂੰ ਵੇਖਿਆ ਏ,
ਕਿਸੇ ਲਈ ਜੋ ਮੌਤ ਗਲ ਪਾਣ ਆਇਆ ।
ਧਰਤੀ, ਅੰਬਰ ਹਿਸਾਬ ਪਏ ਦੱਸਦੇ ਨੇ,
ਏਥੇ ਸਦਾ ਝੱਖੜ ਬੇ-ਹਿਸਾਬ ਆਏ ।
ਲਾਲ ਕਿਲ੍ਹੇ ਦੇ ਪੱਥਰ ਪਏ ਬੋਲਦੇ ਨੇ,
ਏਥੇ ਬੜੇ ਖੂਨੀ ਇਨਕਲਾਬ ਆਏ।