ਇਹਦੇ ਉੱਚੇ ਮੁਨਾਰੇ ਪਏ ਕੁਕਦੇ ਨੇ,
ਬੜੇ ਇਹਦੇ ਤੇ ਜੋਬਨ ਸੁਬਾਬ ਆਏ ।
ਰੋ ਰੋ ਜਮਨਾ ਦੇ ਪੱਤਣ ਪੁਕਾਰਦੇ ਨੇ,
ਏਥੇ ਰੱਬ ਦੇ ਕਹਿਰੀ ਸੈਲਾਬ ਆਏ ।
ਭਰਿਆ ਖੂਨ ਦੇ ਨਾਲ ਇਤਿਹਾਸ ਇਹਦਾ,
ਪੂੰਝ ਪੂੰਝ ਅੱਖਾਂ ਫੇਰ ਫੇਰ ਡਿੱਠਾ ।
ਜੋ ਕੁਝ ਹੋਇਆ ਪਰ ਚਾਂਦਨੀ ਚੌਂਕ ਅੰਦਰ,
ਦੁਨੀਆਂ ਵਿੱਚ ਨਹੀਂ ਜਿਹਾ ਹਨੇਰ ਡਿੱਠਾ ।
ਤੱਕ ਤੇਗ ਬਹਾਦਰ ਨੂੰ, ਤੇਗ਼ ਕੰਬੀ,
ਝੁਕ ਗਿਆ ਜੱਲਾਦ ਸਤਿਕਾਰ ਦੇ ਨਾਲ ।
ਚੜੀਆਂ ਜਿੱਤ ਦੀਆਂ ਲਾਲੀਆਂ ਜ਼ਿੰਦਗੀ ਨੂੰ,
ਮੌਤ ਹਾਰ ਗਈ ਹੌਸਲਾ ਹਾਰ ਦੇ ਨਾਲ 1
ਹੋ ਗਿਆ ਕਸ਼ਮੀਰ ਦਾ ਭਾਰ ਹੋਲਾ,
ਦਿੱਲੀ ਡੋਲ ਗਈ ਜ਼ੁਲਮ ਦੇ ਭਾਰ ਦੇ ਨਾਲ।
ਬਿੱਸੀ ਖਾਂਦਿਆਂ ਤੇਗ ਨੂੰ ਵੇਖ ਕੇ ਤੇ,
ਪੁਤਲਾ ਪਿਆਰ ਦਾ ਬੋਲਿਆ ਪਿਆਰ ਦੇ ਨਾਲ ।
ਪੂਣੀ ਵਾਂਗ ਬੱਗਾ ਤੇਰਾ ਰੰਗ ਹੋਇਆ,
ਤੱਕ ਕੇ ਲਹੂ ਮੇਰਾ ਜੇ ਤੂੰ ਹਰਖਣਾ ਏਂ ।
ਤਾਂ ਸਿਦਕ ਮੇਰੇ ਗੋਬਿੰਦ ਦੇ ਬੱਚਿਆਂ ਦਾ,
ਤੇਗੇ ਕਮਲੀਏ ਦੱਸ ਕਿਸ ਪਰਖਣਾ ਏਂ।
ਤੂੰ ਏਂ ਤੇਗ਼ ਹਕੂਮਤ ਦੀ, ਡਰੇਂ ਕਿਸ ਤੋਂ,
ਸਿਰ ਇਹ ਕਿਸੇ ਨਮਾਣੇ ਫ਼ਕੀਰ ਦਾ ਏ ।
ਤੇਰੇ ਫਟ ਨਹੀਂ ਕਮਲੀਏ ਪੀੜ ਕਰਦੇ,
ਹੱਕਾ ਕਿਸੇ ਮਜ਼ਲੂਮ ਦਾ ਚੀਰਦਾ ਏ ।
ਦਿੱਲੀ ਵਿੱਚ ਮੈਂ' ਮਰਾਂ ਕਸ਼ਮੀਰ ਖ਼ਾਤਰ,
ਇਹਦੇ ਵਿੱਚ ਹੀ ਰਾਜ ਤਕਦੀਰ ਦਾ ਏ ।
ਮੇਰੀ ਰੱਤ ਤੇ ਚਰਬੀ ਦੀ ਲਾ ਲੇਵੀ,
ਰਿਸ਼ਤਾ ਜੋੜਨਾ ਦਿੱਲੀ ਕਸ਼ਮੀਰ ਦਾ ਏ।
ਅੱਜ ਮੈਂ ਦਿੱਲੀ ਵਿੱਚ ਜਿਹੜੀ ਕਸ਼ਮੀਰ ਖ਼ਾਤਰ,
ਖੂਨ ਨਾਲ ਨਿਸ਼ਾਨੀਆਂ ਦੇਣੀਆਂ ਨੇ।
ਭਲਕੇ ਓਸ ਕਸ਼ਮੀਰ ਲਈ ਏਸ ਦਿੱਲੀ,
ਰੱਜ ਰੱਜ ਕੁਰਬਾਨੀਆਂ ਦੇਣੀਆਂ ਨੇ ।
ਉੱਬਲੀ ਦੇਗ, 'ਦਿਆਲੇ ਨੂੰ ਗੜ੍ਹਕ ਆਇਆ,
ਪਰ ਨਾ ਜ਼ੁਲਮ ਦਾ ਲੱਥਾ ਉਬਾਲ ਹਾਲੀ।
ਸੀਰਾਂ ਛੁੱਟੀਆਂ ਦੇ ਉੱਤੋਂ ਲੂਣ ਪਾਂਦੇ,
ਜਦੋਂ ਵੇਖਿਆ ਗਲੀ ਨਹੀਂ ਦਾਲ ਹਾਲੀ ।
ਸੜਦੇ ਕਾਜ਼ੀ ਨੇ ਕਿਹਾ ਜੱਲਾਦ ਰਾਈ,
ਇਹਦੇ ਸਿਦਕ ਦੇ ਲੋਹੇ ਨੂੰ ਢਾਲ ਹਾਲੀ ।
ਹੱਸ ਕੇ ਕਿਹਾ ਦਿਆਲੇ ਨੇ ਡਰ ਕਾਹਦਾ,
ਅੰਗ ਸੰਗ ਮੇਰਾ ਗੁਰੂ ਨਾਲ ਹਾਲੀ ।
ਦੇਗ ਤੇਗ ਤੇ ਸਿੱਖੀ ਦੀ ਨੀਂਹ ਧਰਨੀ,
ਜਿਹੜੀ ਸਿੱਖੀ ਉਸ ਕਲਗੀਆਂ ਵਾਲੇ ਦੀ ਏ ।
ਤੇਗ਼, ਤੇਗ਼ ਬਹਾਦਰ ਦੇ ਕੋਲ ਰੱਖੀ,
ਦੇਗ਼ ਸਮਝ ਲਓ ਸਾਰੀ ਦਿਆਲੇ ਦੀ ਏ ।
ਮਤੀ ਦਾਸ ਨੇ ਵੇਖਿਆ ਜਦੋਂ ਆਰਾ,
ਚਿਹਰਾ ਹੋ ਗਿਆ ਸ਼ਾਂਤ ਮਲੰਗ ਦਾ ਏ ।
ਦੀਵਾ ਜਿਵੇਂ ਲਟ ਲਟ ਬਲਦਾ ਵੇਖ ਕੇ ਤੇ,
ਭਖਦਾ ਲਾਲੀਆ ਕਿਸੇ ਪਤੰਗ ਦਾ ਏ ।
ਹੱਥ ਅੱਖਾਂ ਦੇ ਜੋੜ ਅਰਦਾਸ ਕਰਦਾ,
ਸਿੱਖੀ ਸਿਦਕ ਸਤਿਗੁਰਾਂ ਤੋਂ ਮੰਗਦਾ ਏ ।
ਭਰ ਕੇ ਬੁੱਕ ਫਿਰ ਰੱਤ ਦੇ ਔਲ੍ਹ ਵਿਚੋਂ,
ਮੂੰਹ ਤੇ ਡੁੱਲ੍ਹਦੇ ਸਿਦਕ ਨੂੰ ਰੰਗਦਾ ਏ ।
ਮੂੰਹੋਂ ਆਖਦਾ ਸਿਦਕ ਨੂੰ ਕੱਜ ਲੈਂਦਾ,
ਜਿਵੇਂ ਗੁਰੂ ਮੇਰੇ ਪੜਦੇ ਕੱਜਦਾ ਏ ।
ਲੋਕ ਇਸ਼ਕ ਦੀ ਜਿਸ ਨੇ ਨਮਾਜ਼ ਪੜ੍ਹਣੀ,
ਉਹਨੂੰ ਖੂਨ ਦਾ ਹੀ ਵਜੂ ਸੱਜਦਾ ਏ ।
ਏਸ ਦਿੱਲੀ ਦੇ ਨਿੱਕੇ ਜਿਹੇ ਦਿਲ ਅੰਦਰ,
ਲੱਖਾਂ ਢੱਕੀਆਂ ਦਰਦ ਕਹਾਣੀਆਂ ਨੇ ।
ਏਸ ਬੁੱਢੇ ਇਤਿਹਾਸ ਨੂੰ ਮੂੰਹ ਜ਼ਬਾਨੀ,
ਚੇਤੇ ਸਾਖੀਆਂ ਕਈ ਪੁਰਾਣੀਆਂ ਨੇ ।
ਕਈਆਂ ਪੀੜੀਆਂ ਤੋਂ ਸੁਣਦੇ ਆਏ ਖਵਰੇ,
ਅਜੇ ਕਦੋਂ ਤਕ ਏਸ ਸੁਣਾਣੀਆਂ ਨੇ ।
ਏਥੇ ਬੇਗਮਾਂ ਬਾਦਸ਼ਾਹਾਂ ਵੈਣ ਪਾਏ।
ਹੰਝੂ ਕੇਰੇ ਕਈ ਰਾਜੇ ਰਾਣੀਆਂ ਨੇ ।
ਹੁਣ ਵੀ ਚਾਂਦਨੀ ਚੌਂਕ ਦੇ ਚਾਨਣੇ ਵਿਚ,
ਲੋਕੀਂ ਰੋਜ ਇਹਦੀ ਗੱਲੀਂ ਰੁੱਝ ਜਾਂਦੇ ।
ਜਦੋਂ ਤੇਗ਼ ਬਹਾਦਰ ਦਾ ਨਾਂ ਆਉਂਦੈ,
ਦੀਵੇ ਚਾਂਦਨੀ ਚੌਂਕ ਦੇ ਬੁੱਝ ਜਾਦੇ ।