ਲਹੂ-ਰੰਗੇ ਲਾਲ ਫੁੱਲਾਂ ਦਾ ਗੁਲਦਸਤਾ
'ਸ਼ਹੀਦੀ ਖੁਮਾਰੀਆਂ" ਸਵਰਗਵਾਸੀ ਸ: ਕਰਤਾਰ ਸਿੰਘ ਬਲੱਗਣ ਦੀਆਂ ਇਤਿਹਾਸਕ ਮਹਾਨਤਾ ਰੱਖਦੇ ਅਮਰ ਸ਼ਹੀਦਾਂ ਦੀ ਸਮ੍ਰਿਤੀ ਜਾਂ ਯਾਦ ਵਿੱਚ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ । ਇਨ੍ਹਾਂ ਦਾ ਮੁੱਲ ਸਾਹਿਤ, ਦੇਸ਼-ਭਗਤੀ ਜਾਂ ਕੌਮ-ਪ੍ਰਸਤੀ ਤੇ ਧਾਰਮਕ ਦ੍ਰਿਸ਼ਟੀਕੋਨ ਨਾਲ ਕੀ ਹੈ ? ਇਸ ਦਾ ਉੱਤਰ ਬਲੱਗਣ ਜੀ ਦੇ ਸ਼ਬਦਾਂ ਵਿੱਚ ਹੀ ਦੇਣਾ ਸ਼ੋਭਦਾ ਹੈ ਕਿਉਂਕਿ ਮੈਂ ਇੰਨੇ ਥੋੜ੍ਹੇ ਸ਼ਬਦਾਂ ਵਿੱਚ ਇਸ ਸੁੰਦਰਤਾ ਤੇ ਪ੍ਰਭਾਵ-ਪੂਰਤ ਢੰਗ ਨਾਲ ਨਹੀਂ ਕਹਿ ਸਕਦਾ :-
ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ,
ਜਿਦੇ ਬੀਰ ਕਿਧਰੇ ਘਾਲਾਂ ਘਾਲਦੇ ਨੇ।
ਛੰਨੇ ਖੋਪੜੀ ਦੇ ਫੜ ਕੇ ਪੁੱਤ ਜਿਸ ਦੇ,
ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ ਨੇ।
(ਸਫਾ-14)
ਅਤੇ ਪੰਜਾਬ ਨੂੰ ਮਾਨ ਹੈ ਕਿ ਬਲੱਗਣ ਜੀ ਦੀ ਇਸ ਕਸਵੱਟੀ ਉੱਤੇ ਇਹ ਪੂਰਾ ਸੌਲਾਂ ਵੰਨੀ ਦਾ ਸੋਨਾ ਸਿੱਧ ਹੁੰਦਾ ਹੈ : -
ਉਹ ਹੈ ਕੌਮ ਪੂੰਜੀਦਾਰ ਜ਼ਿੰਦਗੀ ਦੀ,
ਜਿਦੇ ਕੋਲ ਸਰਮਾਇਆ ਸ਼ਹੀਦੀਆਂ ਦਾ ।
(ਸਫਾ -12)
ਇਸ ਸਰਮਾਏ ਵਿਚੋਂ ਸੱਚਮੁੱਚ ਪੰਜਾਬ ਦੇ ਭਾਗ ਪ੍ਰਮਾਤਮਾ ਨੇ 'ਖੁੱਲ੍ਹੇ ਦਿਲ ਨਾਲ ਲਿਖ ਦਿੱਤਾ ਹੈ। ਇਸ ਪੁਸਤਕ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ, ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਭਾਈ ਤਾਰੂ ਸਿੰਘ, ਸ: ਸ਼ਾਮ ਸਿੰਘ ਅਟਾਰੀ ਆਦਿ ਸਿੱਖ ਧਰਮ ਦੇ ਇਤਿਹਾਸਕ ਸ਼ਹੀਦਾਂ ਦੇ ਨਾਲ ਹੀ ਸ: ਲਛਮਣ ਸਿੰਘ, ਊਧਮ ਸਿੰਘ, ਲਾਲਾ ਲਾਜਪਤ ਰਾਏ ਆਦਿ ਆਧੁਨਿਕ ਤੇ ਵਰਤਮਾਨ ਕਾਲ ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਹੈ। 'ਲਾਹੌਰ', ਦਿੱਲੀ', 'ਮੇਰੇ ਵਤਨ', 'ਇਤਿਹਾਸ ਬੋਲਿਆ', 'ਸ਼ਹੀਦ', ਆਦਿ ਕੁਝ ਕਵਿਤਾਵਾਂ ਅਜਿਹੀਆਂ ਵੀ ਹਨ ਜਿਨ੍ਹਾਂ ਵਿੱਚ ਸਮੁੱਚੀ ਕੌਮ ਦੀ ਸਮੁੱਚੀ ਸ਼ਹੀਦ ਫੁਲਵਾੜੀ ਵਿਚ, ਲਹੂ-ਰੰਗ ਲਾਲ ਫੁੱਲਾਂ ਦਾ ਗੁਲਦਸਤਾ ਇਤਿਹਾਸਿਕ ਗਿਆਨ ਦੀ ਕਲਾ ਨਾਲ ਕਵੀ ਬਲੱਗਣ ਨੇ ਨਿਰੀ ਸੁੰਦਰਤਾ ਨਾਲ ਹੀ