ਤੇਰੇ ਨਿਰਬਲ ਡੋਲਿਆਂ ਵਿੱਚ ਪਾ ਕੇ 'ਹਿੰਮਤ ਦੀ ਕਣੀ,
ਤੇਰੇ ਹੱਥੋਂ ਦੇਸ਼ ਦਾ ਦੁੱਖ ਦੂਰ ਹੁੰਦਾ ਵੇਖਣੇ।
ਬਾਲ ਕੇ ਜੰਤੀ ਹਨੇਰੇ ਵਿੱਚ 'ਦਿਆ' ਤੇ 'ਧਰਮ' ਦੀ,
ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ ਵੇਖਣੇ।
ਤੇਰੀ ਕਾਇਰਤਾ ਨੂੰ ਅੱਜ 'ਮੁਹਕਮ' ਇਰਾਦੇ ਬਖ਼ਸ਼ ਕੇ,
ਤੇਰੇ ਪੈਰਾਂ 'ਚ ਪਰਬਤ ਚੂਰ ਹੁੰਦਾ ਵੇਖਣੇ ।
ਰੱਖ ਦੇਵੇ ਗਾ ਤੂੰ ਜੇਕਰ ਧੌਣ, ਮੇਰੀ ਤੇਗ਼ ਤੇ,
ਤੇਗ ਦੀ ਸਹੁੰ ਸਾਹਿਬ-ਮੁਖਤਾਰ ਬਣ ਜਾਏਂਗਾ ਤੂੰ ।
ਚਾੜ੍ਹਣਾ ਤੈਨੂੰ ਨਹੀਂ ਮਨਸੂਰ ਦੀ ਸੂਲੀ ਤੇ ਮੈਂ,
ਚੜ੍ਹ ਕੇ ਮੇਰੀ ਦਾਰ ਤੇ ਸਰਦਾਰ ਬਣ ਜਾਏਂਗਾ ਤੂੰ ।
ਤੇਗ ਦੀ ਇਸ ਨਿੱਕੜੀ ਜਿਹੀ ਧਾਰ ਵਿਚੋਂ ਪਾਂਧੀਆ !
ਤੇਰੀ ਮੰਜ਼ਿਲ ਦੇ ਸੁਖਾਲੇ ਰਾਹ ਟੋਲੇ ਜਾਣਗੇ।
ਉਲਝਣਾਂ ਦੇ ਵਾਸੀਆ, ਤਲਵਾਰ ਦੀ ਇਸ ਨੋਕ ਨਾਲ,
ਜ਼ਿੰਦਗੀ ਤੇਰੀ ਦੇ ਗੁੱਝੇ ਭੇਤ ਖੋਲ੍ਹੇ ਜਾਣਗੇ ।
ਏਸ ਖੰਡੇ ਨਾਲ ਚੰਨਾ ਤੇਰੀ ਬੁੱਝੀ ਚਿਖਾ ਚੋਂ,
ਅਣਖ ਦੇ ਕੁਝ ਭਖਦੇ ਚਿੰਗਿਆੜ ਫਰੋਲੇ ਜਾਣਗੇ ।
ਸਿਦਕ ਦੀ ਮੰਡੀ 'ਚ ਬਹੁਤਾ ਮੁੱਲ ਪੁਆਵਣ ਵਾਸਤੇ,
ਸਿਰ ਦੇ ਸੋਦੇ ਏਸ ਤੱਕੜੀ ਨਾਲ ਤੋਲੇ ਜਾਣਗੇ ।
ਮੌਤ ਵਿਚੋਂ ਜ਼ਿੰਦਗੀ ਮਿਲਦੀ ਏ ਜੀਵਨ ਜੋਗਿਆ,
ਫੁੱਲ ਦੀ ਜੇ ਲੋੜ ਹੋਵੇ ਲੱਭਦਾ ਏ ਖਾਰ 'ਚੋਂ ।
ਜੋ ਸਿਕੰਦਰ ਨੂੰ ਨਾ ਮਿਲਿਆ ਅੰਤ ਤਕ ਆਏ-ਹਿਯਾਤ,
ਵੇਖ ਲੈਣਾ ਡੁੱਲ੍ਹਣਾ ਏਂ ਅੱਜ ਮੇਰੀ ਤਲਵਾਰ 'ਚੋਂ।
ਫੰਡ ਕੇ ਖੰਭਾਂ ਨੂੰ ਸਾਰਾ ਸਹਿਮ ਕੱਢ ਦੇ ਪੰਛੀਆ !
ਅੱਜ ਤੋਂ ਤੇਰੇ ਆਲ੍ਹਣੇ 'ਚ ਬਿਜਲੀਆਂ ਪਾਲਾਂਗਾ ਮੈਂ ।
ਰੀਝ ਪੈਗੀ ਵੇਖ ਕੇ ਜਿਨ੍ਹਾਂ ਨੂੰ ਆਜ਼ਾਦੀ ਤੇਰੀ, ਕੈਦੀਆ !
ਤੇਰੇ ਲਈ ਸੰਗਲ ਅਜਿਹੇ ਢਾਲਾਂਗਾ ਮੈਂ ।
ਡੁੱਬਦੇ ਮੰਭਧਾਰ ਵਿੱਚ ਜਿਹੜੀ ਕਿਨਾਰਾ ਲੱਭ ਲਏ,
ਤੇਰੇ ਲਈ ਅਣਤਾਰੂਆ ਬੇੜੀ ਜਿਹੀ ਭਾਲਾਂਗਾ ਮੈਂ।