ਸਤਿ ਸ੍ਰੀ ਆਕਾਲ ਦਾ ਮਾਰ ਨਾਹਰਾ,
ਤਸਬੀਹ ਕਾਜ਼ੀ ਦੇ ਹੱਥੋਂ ਛੁਡਾ ਦਿੱਤੀ।
ਸੂਬੇ ਆਖਿਆ ਕਰੋ ਸਲਾਮ ਮੁੰਡਿਓ,
ਉਨ੍ਹਾਂ ਸਾਹਮਣੇ ਜੁੱਤੀ ਵਖਾ ਦਿੱਤੀ।
ਉਨ੍ਹਾਂ ਜਦੋਂ ਤਲਵਾਰ ਦਾ ਖੌਫ਼ ਦਿੱਤਾ,
ਅੱਗੋਂ ਹੱਸ ਕੇ ਧੌਣ ਅਕੜਾ ਦਿੱਤੀ ।
ਸੂਬੇ ਰੋਹ ਨਾਲ ਕਿਹਾ ਗੁਸਤਾਖ ਮੁੰਡਿਓ !
ਅੱਜ ਤੁਸਾਂ ਦੀ ਅਣਖ ਮੁਕਾ ਦਿਆਂਗਾ ।
ਜਾਂ ਤੇ ਹੱਸ ਕੇ ਇਸਲਾਮ ਦਾ ਜਾਮ ਪੀ ਲਓ,
ਨਹੀਂ ਤੇ ਮੌਤ ਦਾ ਜਾਮ ਪਿਲਾ ਦਿਆਂਗਾ ।
ਫ਼ਤਿਹ ਸਿੰਘ ਨੇ ਖੜਕ ਕੇ ਕਿਹਾ ਅੱਗੇ,
ਪਰਬਤ ਦਾਬਿਆਂ ਨਾਲ ਨਹੀਂ ਹਿੱਲ ਜਾਂਦੇ ।
ਅਸੀਂ ਅਸਲ ਫ਼ੌਲਾਦ ਦੇ ਡੱਕਰੇ ਹਾਂ,
ਫੂਕਾਂ ਮਾਰਿਆਂ ਜਿਹੜੇ ਨਹੀਂ ਦਹਿਲ ਜਾਂਦੇ ।
ਅਸੀਂ ਉਹ ਪਤੰਗੇ ਹਾਂ ਸੜ ਮਰਨੇ,
ਜਿਹੜੇ ਸ਼ਮਾਂ ਤੋਂ ਵੀ ਪਹਿਲਾਂ ਜਲ ਜਾਂਦੇ,
ਬੱਚੇ ਹੋਣ ਜਿਹੜੇ ਸ਼ੇਰ ਬੱਬਰਾਂ ਦੇ,
ਕਦੀ ਭੇਡਾਂ ਦੇ ਵਿੱਚ ਨਹੀਂ ਰਲ ਜਾਂਦੇ ।
ਹੱਥ ਸ਼ੇਰ ਦੀ ਮੁੱਛ ਨੂੰ ਪਾਣ ਲੱਗੈ,
ਇੱਜ਼ਤ ਆਪਣੀ ਸਗੋਂ ਬਚਾ ਸਾਥੋਂ।
ਮਾਸ ਬਾਜ਼ ਦੀ ਚੁੰਝ 'ਚੋਂ ਖੋਹਣ ਲੱਗਾ,
ਅੜਿਆ ਆਪਣਾ ਮਾਸ ਛੁਡਾ ਸਾਥੋਂ।
ਦਿੱਤਾ ਹੁਕਮ ਮੁੜ ਸੂਬੇ ਨੇ, ਪਾਤਸ਼ਾਹਾ !
ਇਨ੍ਹਾਂ ਦੋਹਾਂ ਨੂੰ ਕੰਧੀ ਚੁਣਾ ਦਿਓ।
ਇਨ੍ਹਾਂ ਜੰਮਦੀਆਂ ਸੂਲਾਂ ਨੂੰ ਸਾੜ ਸੁੱਟੋ,
ਫੜ ਕੇ ਸੱਪਾਂ ਦੇ ਪੁੱਤ ਮੁਕਾ ਦਿਓ ।
ਇਨ੍ਹਾਂ ਜਿਉਂਦਿਆਂ ਕੁਫਰ ਦੇ ਪੁਤਲਿਆਂ ਨੂੰ
ਫੜ ਕੇ ਮਿੱਟੀ ਦੇ ਵਿੱਚ ਮਿਲਾ ਦਿਓ।
ਖੂਨ ਡੋਲ੍ਹ ਕੇ ਇਨ੍ਹਾਂ ਦੇ ਕਾਲਜੇ ਦਾ,
ਮੇਰੇ ਜਿਗਰ ਦੀ ਅੱਗ ਬੁਝਾ ਦਿਓ ।