ਬਸ ਹੁਕਮ ਦੀ ਦੇਰ ਸੀ ਰਾਜ ਭੈੜੇ,
ਦਿਹਾਂ ਕੁਲੀਆਂ ਤੇ ਇੱਟਾਂ ਧਰਨ ਲੱਗੇ ।
ਓਧਰ ਮਰਨ ਵੇਲੇ ਤੇਰੇ ਭਗਤ ਪੁੱਤਰ,
ਮੂੰਹੋਂ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ।
ਜਦੋਂ ਸੁਹਲ ਕਲੇਜੇ ਤੇ ਕੰਧ ਪਹੁੰਚੀ,
ਸਾਹ ਚੰਨਾਂ ਦਾ ਰੁਕਿਆ ਜਾਣ ਲੱਗਾ।
ਤਦੋਂ ਵੇਖ ਕੇ ਫਤਿਹ ਸਿੰਘ ਵੱਲੋਂ,
ਜ਼ੋਰਾਵਰ ਦਾ ਚਿਹਰਾ ਕੁਮਲਾਉਣ ਲੱਗਾ ।
“ਕੀ ਕਿਹਾ ਈ” ? ਪੁਛਿਆ ਬਾਦਸ਼ਾਹ ਨੇ,
"ਜ਼ੋਰਾ ਹੈਸੀ ਕਮਜ਼ੋਰੀ ਵਖਾਉਣ ਲੱਗਾ" ?
ਨਹੀਂ ਬਾਦਸ਼ਾਹ ਖੌਫ ਦੇ ਨਾਲ ਨਹੀਂ ਸੀ,
ਜ਼ੋਰਾਵਰ ਦਾ ਚਿਤ ਘਬਰਾਉਣ ਲੱਗਾ ।
ਉਹ ਤੇ ਕਹਿੰਦਾ ਸੀ ਵੀਰਨਾ ਮੈਂ ਵੱਡਾ,
ਅਤੇ ਤੂੰ ਮੈਥੋਂ ਪਹਿਲਾਂ ਮਰਨ ਲੱਗੇ।
ਕਿਹੜਾ ਮੂੰਹ ਵਖਾਵਾਂਗਾ ਪਿਤਾ ਨੂੰ ਮੰ',
ਛੋਟਾ ਹੋ ਮੈਨੂੰ ਬਾਜ਼ੀ ਕਰਨ ਲੱਗੇ ।
ਸ਼ੁਕਰ ਆਖ ਕੇ ਪਿਤਾ ਅਰਦਾਸ ਸੋਧੀ,
ਤੂੰ ਹੀ ਰਖਿਆ ਲੰਗ ਦਾਤਾਰ ਮੇਰਾ ।
ਮੇਰੀ ਤੁਛ ਜਿਹੀ ਭੇਟ ਮਨਜੂਰ ਹੋ ਗਈ,
ਪੱਲਾ ਹੋ ਗਿਆ ਪਾਕ ਸਰਕਾਰ ਮੇਰਾ +
ਦਿੱਤੀ ਤੇਰੀ ਅਮਾਨਤ ਮੈਂ ਮੋੜ ਤੈਨੂੰ,
ਹੌਲਾ ਹੋ ਗਿਆ ਕਰਜ਼ ਦਾ ਭਾਰ ਮੇਰਾ ।
ਰੋਂਦੇ ਪਏ ਨੇ ਲੋਕ ਮੈਂ ਆਖਦਾ ਹਾਂ,
ਸਫ਼ਲਾ ਹੋ ਗਿਆ ਅੱਜ ਪਰਵਾਰ ਮੇਰਾ ।
ਖੂਨ ਡੋਲ੍ਹ ਕੇ ਜਿਸ ਤਰ੍ਹਾਂ ਪੁੱਤਰਾਂ ਤੋਂ,
ਚੋਲੀ ਆਪਣੇ ਵਤਨ ਦੀ ਰੰਗਦਾ ਹਾਂ ।
ਤਿਵੇਂ ਮੇਰਾ ਵੀ ਏਥੇ ਸਰੀਰ ਲੱਗੇ,
ਤੈਥੋਂ ਦਾਤਾਂ 'ਕਰਤਾਰ' ਇਹ ਮੰਗਦਾ ਹਾਂ।