ਮੇਰੇ ਲਾਲਾਂ ਤੋਂ ਮਹਿੰਗਿਆ ਮੋਤੀਆ ਓਏ !
ਆਬ ਤੇਰੇ ਤੇ ਨਵੀਂ ਚੜਾਣ ਲੱਗਾਂ ।
ਮੇਰੇ ਦੁੱਧਾਂ ਦੇ ਪਾਲਿਆ ਮੱਖਣਾ ਓਏ !
ਤੈਨੂੰ ਪੱਥਰਾਂ ਨਾਲ ਟਕਰਾਉਣ ਲੱਗਾ ।
ਚੰਦਰਮਾਂ ਤੋਂ ਚਿੱਟਿਆ ਚਾਨਣਾ ਓਏ !
ਤੈਨੂੰ ਤੰਗਾਂ ਦੇ ਸਾਏ ਚਮਕਾਣ ਲੱਗਾਂ ।
ਮੇਰੇ ਸਿਹਰਿਆਂ ਵਾਲਿਆਂ ਬਿਨਾਂ ਸਾਹਿਓ,
ਤੈਨੂੰ ਮੌਤ ਦੇ ਨਾਲ ਪਰਨਾਣ ਲੱਗਾਂ ।
ਚਰਬੀ ਪੁੱਤਾਂ ਦੀ ਪਾ ਪਾ ਕੇ ਆਪ ਹੱਥੀਂ,
ਦਾਗ਼ ਪੰਥ ਦੇ ਸਦਾ ਲਈ ਧੋਣ ਲੱਗਾਂ ।
ਰੱਤ ਪਾ ਕੇ ਆਪਣੇ ਕਾਲਜ ਦੀ,
ਅੱਜ ਮੈਂ ਸੁਰਖਰੂ ਕਿਸੇ ਤੋਂ ਹੋਣ ਲੱਗਾਂ ।
ਉਠ ਤੀਰ ਕੁਮਾਣ ਦੀ ਪਰਖ ਕਰ ਲੈ,
ਨਾਲੇ ਜਾਚ ਲੈ ਧਾਰ ਕਿਰਪਾਨ ਦੀ ਤੂੰ ।
ਜਾਨ ਜਾਣ ਲੱਗੀ ਤਾਂ ਫਿਰ ਜਾਣ ਦੇਵੀਂ,
ਰਾਖੀ ਕਰ ਪਰ ਜੰਧਿਆ ਆਨ ਦੀ ਤੂੰ ।
ਉਹਦੀਆਂ ਸੱਧਰਾਂ ਆਸਾ ਨੀ ਕੱਲ ਤੇਰ,
ਪੁੱਤਰ ਲੱਜ ਰੱਖੀਂ ਹਿੰਦੁਸਤਾਨ ਦੀ ਤੂੰ !
ਜਿਹੜੀ ਪਾਈ ਸੀ ਤੇਰੇ ਵਡੇਰਿਆਂ ਨੇ,
ਰਸਮ ਕਾਇਮ ਰੱਖੀਂ ਬਲੀਦਾਨ ਦੀ ਤੂੰ ।
ਝੱਖੜ ਦੁੱਖਾਂ ਦੇ ਵੱਗਣ ਹਜ਼ਾਰ ਭਾਵੇਂ,
ਐਪਰ ਭਵੇਂ ਨਾ ਚਿਹਰੇ ਦਾ ਫੁੱਲ ਤੇਰਾ ।
ਲੰਘੀ ਹੱਸ ਕੇ ਤੇਗ ਦੀ ਧਾਰ ਉਤੋਂ,
ਪੈਣਾ ਏਸੋ ਕਸਵੱਟੀ ਤੇ ਮੁੱਲ ਤੇਰਾ ।
ਸ਼ੇਰ, ਜੁੱਸੇ ਨੂੰ ਫੜਕ ਕੇ ਕਹਿਣ ਲੱਗਾ,
ਨਵੇਂ ਪਿਤਾ ਜੀ ਪੂਰਨੇ ਪਾ ਦਿਆਂਗਾ ।
ਭਾਰਤ ਮਾਂ ਦੀਆਂ ਆਸਾਂ ਤੇ ਸੱਧਰਾਂ ਤੇ,
ਚੁਣ ਚੁਣ ਅਮਲ ਦੇ ਫੁੱਲ ਚੜ੍ਹਾ ਦਿਆਂਗਾ ।