ਚਾੜ੍ਹ ਚਾੜ੍ਹ ਤਲਵਾਰ ਦੀ ਤੱਕੜੀ ਤੇ,
ਮੰਡੀ ਸਿਰਾਂ ਤੇ ਧੜਾਂ ਦੀ ਲਾ ਦਿਆਂਗਾ।
ਤੇਰੇ ਅੰਮ੍ਰਿਤ ਦੇ ਸਾਗਰ 'ਚੋਂ ਘੁਟ ਪੀਤੈ,
ਐਪਰ ਖੂਨ ਦੇ ਵਹਿਣ ਵਗਾ ਦਿਆਂਗਾ।
ਕੋਈ ਭਰਮ ਨਾ ਕਰੋ ਅਜੀਤ ਜੀ ਨੂੰ,
ਕੱਲਾ ਇੱਕ ਵੀ ਘੜੀ ਨਹੀਂ ਰਹਿਣ ਦੇਂਦਾ ।
ਛੇਤੀ ਵੀਰ ਨੂੰ ਮਿਲਾਂਗਾ ਪਾ ਜੱਫੀ,
ਭੰਗ ਜੋੜੀਆਂ ਵਿੱਚ ਨਹੀਂ ਪੈਣ ਦੇਂਦਾ ।
ਹੋ ਕੇ ਵਿਦਾ ਮੁੜ ਪਰਤ ਕੇ ਕਹਿਣ ਲਗਾ,
ਦਾਤਾ ! ਕਰਾਂ ਜੇ ਸੁਣੋ ਅਰਦਾਸ ਮੇਰੀ ।
ਤੇਰੀ ਮਿਹਰ ਤੇ ਬਖਸ਼ ਦੇ ਨਾਲ ਬੱਧੀ,
ਇੱਕ ਇੱਕ ਸੱਧਰ, ਇੱਕ ਇੱਕ ਆਸ ਮੇਰੀ ।
ਉਹੋ ਵਿੱਚ ਦਰਗਾਹ ਦੇ ਗਿਣੀ ਜਾਣੀ,
ਜਿਹੜੀ ਘੜੀ ਗੁਜ਼ਰੀ ਤੇਰੇ ਪਾਸ ਮੇਰੀ ।
ਭਾਵੇਂ ਹਰ ਵੇਲੇ ਅੰਗ ਸੰਗ, ਏ ਤੂੰ,
ਪਰ ਨਹੀਂ ਦਰਸ ਦੀ ਲਹਿੰਦੀ ਪਿਆਸ ਮੇਰੀ ।
ਏਸ ਲਈ ਜਾਂਦਾ ਜਾਂਦਾ ਪਰਤਿਆ ਨਹੀਂ,
ਘੜੀਆਂ ਹਰ ਦੇ ਚਾਰ ਜੀ ਲਵਾ ਮੈਂ।
ਤੇਰੇ ਭਰੇ ਸਮੁੰਦਰ 'ਚ ਜੀ ਕਰਦੈ,
ਪਾਣੀ ਘੁਟ ਕੁ ਜਾਦਿਆਂ ਪੀ ਲਵਾਂ ਮੈਂ ।
ਜਲਾਂ ਥਲਾਂ ਦੇ ਮਾਲਕ ਨੇ ਕਿਹਾ ਅੱਗੋਂ,
ਬੀੜਾ ਚੁੱਕ ਕੇ ਜਾਂ ਤਾਂ ਜਾਣਾ ਨਹੀਂ ਸੀ ।
ਗਾਨਾ ਬੰਨ੍ਹ ਕੇ ਮੌਤ ਦਾ ਆਪ ਹੱਥੀਂ,
ਜੇ ਸੈਂ ਗਿਆ, ਤਾਂ ਪਰਤ ਕੇ ਆਣਾ ਨਹੀਂ ਸੀ ।
ਜਿਹੜੀਆਂ ਅੱਖਾਂ ਨੂੰ ਪਿਠ ਵਖਾਈ ਸਾਈ,
ਉਨ੍ਹਾਂ ਅੱਖਾਂ ਨੂੰ ਮੂੰਹ ਵਖਾਣਾ ਨਹੀਂ ਸੀ ।
ਸੂਰਮਤਾਈ ਦੀ ਸੁਹਣਿਆਂ ਆਬ ਉਤੇ,
ਪਾਣੀ ਮੰਗ ਕੇ ਦਾਗ਼ ਤੂੰ ਲਾਣਾ ਨਹੀਂ ਸੀ ।