ਜਿਥੇ ਜਗ ਵਿੱਚ ਤੇਰੀ ਬਹਾਦਰੀ ਦਾ,
ਪਰਲੋ ਤੀਕਰਾਂ ਕਿਲ੍ਹਾ ਆਬਾਦ ਰਹਿਸੀ ।
ਓਥੇ ਸੁਹਣਿਆਂ ਪਰਤ ਕੇ ਜੰਗ ਵਿਚੋਂ,
ਪਾਣੀ ਮੰਗਣ ਦੀ ਗੱਲ ਵੀ ਯਾਦ ਰਹਿਸੀ ।
ਚੰਨਾਂ ! ਪਾਣੀ ਕੀ ਮੇਰੇ ਤੋਂ ਮੰਗਣਾ ਏਂ,
ਤੈਨੂੰ ਆਬੇ-ਹਿਯਾਤ ਪਿਆਇਆ ਏ ਮੈਂ ।
ਲੋਕਾਂ ਵਾਸਤੇ ਮੌਤ ਸਹੇੜ ਦਿੱਤੀ,
ਜੀਵਨ ਜੋਗਿਆ ਤੈਨੂੰ ਜਿਵਾਇਆ ਏ ਮੈਂ ।
ਵੱਸ ਪਿਆ ਹਾਂ ਅੱਜ ਮੈਂ ਜੱਗ ਉਤੇ,
ਲੋਕਾਂ ਭਾਣੇ ਇਹ ਝੁਗਾ ਲੁਟਾਇਆ ਏ ਮੈਂ ।
ਜਾ ਕੇ ਵੀਰ ਅਜੀਤ ਤੋਂ ਮੰਗ ਪਾਣੀ,
ਤੈਨੂੰ ਉਸੇ ਦਾ ਰਾਹ ਵਖਾਇਆ ਏ ਮੈਂ ।
ਅੱਗੋਂ ਹੱਸ ਕੇ ਕਿਹਾ ਜੁਝਾਰ ਜੀ ਨੇ,
ਪਾਣੀ ਬਾਝ ਨਹੀਂ ਪਿਤਾ ਘਬਰਾਉਂਦਾ ਸਾਂ ।
ਕਿਤੇ ਜਿਗਰਾ ਤੁਹਾਡਾ ਨਾ ਡੋਲ ਜਾਏ,
ਮੈਂ ਤਾਂ ਪਿਤਾ ਜੀ ਤੁਹਾਨੂੰ ਅਜ਼ਮਾਉਂਦਾ ਸਾਂ ।
ਵੜਿਆ ਜੰਗ ਅੰਦਰ ਜਾ ਕੇ ਸ਼ੇਰ ਬਾਂਕਾ,
ਨਾਅਰੇ ਜਾਂਦਿਆਂ ਹੀ ਮਾਰਨ ਲੱਗ ਪਿਆ।
ਆਪਣੀ ਨਿੱਕੀ ਜਿਹੀ ਤੇਗ ਦੀ ਧਾਰ ਉੱਤੋਂ,
ਸੀਸ ਵੈਰੀਆਂ ਦੇ ਵਾਰਨ ਲੱਗ ਪਿਆ।
ਵਗਦੀ ਉਨ੍ਹਾਂ ਦੀ ਲਹੂ ਦੀ ਨਦੀ ਅੰਦਰ,
ਡੁੱਬ ਜਾਣਿਆਂ ਨੂੰ ਤਾਰਨ ਲੱਗ ਪਿਆ ।
ਕਲਗੀ ਵਾਲੇ ਦਾ ਲਾਡਲਾ ਪੁੱਤ ਦਿਲ ਵਿਚ,
ਗੱਲਾਂ ਮਰਨ ਦੀਆਂ ਧਾਰਨ ਲੱਗ ਪਿਆ ।
ਤਾਂ ਹੀ ਡਿੱਠਾ ਦਸ਼ਮੇਸ਼ ਦੀਆਂ ਅੱਖੀਆਂ ਨੇ,
ਤਾਰਾ ਅੱਖੀਆਂ ਦਾ ਵਿੰਹਦੇ ਟੁੱਟ ਗਿਆ ।
ਡਿੱਗ ਕੇ ਜੰਗ ਦੇ ਵਿੱਚ ਸ਼ਹੀਦ ਹੋਇਆ,
ਹੱਥੋਂ ਤੀਰ ਕੁਮਾਨ ਵੀ ਛੁੱਟ ਗਿਆ।