ਆਈ ਖ਼ਿਜ਼ਾਂ, ਤਾਂ ਕਿਤੇ ਬਹਾਰ ਆਸੀ,
ਮੁਢੋਂ ਬਾਗ਼ ਨਾ ਕਿਤੇ ਉਜਾੜ ਬਹੀਏ ।
ਜਾ ਕੇ ਕੋਲ ਹਜੂਰ ਦੇ ਕਹਿਣ ਲੱਗੇ,
ਦਾਤਾ ! ਵਕਤ ਸੰਭਾਲਣਾ ਚਾਹੀਦਾ ਏ ।
ਸੂਰਬੀਰ ਜੀਓ ! ਨੀਤੀਵਾਨ ਬਣ ਕੇ,
ਔਖੀ ਘੜੀ ਨੂੰ ਟਾਲਣਾ ਚਾਹੀਦਾ ਏ ।
ਅੰਗ ਪਾਲ ਜੀਓ । ਸਾਡੀ ਬੇਨਤੀ ਏ,
ਅੰਗ ਸਿੱਖੀ ਦਾ ਪਾਲਣਾ ਚਾਹੀਦਾ ਏ ।
ਇਹੋ ਰਾਏ ਹੈ ਸਾਰੇ ਸੇਵਕਾਂ ਦੀ,
ਮੋਇਆ ਪੰਥ ਜਿਵਾਲਣਾ ਚਾਹੀਦਾ ਏ ।
ਅਸੀਂ ਮਰਾਂਗੇ ਲੜਦਿਆਂ ਅੰਤ ਤੀਕਰ,
ਐਪਰ ਪਾਤਸ਼ਾਹ ਤੁਸੀਂ ਤਿਆਰ ਹੋ ਜਾਓ ।
ਏਥੋਂ ਨਿਕਲ ਜਾਓ ਨੀਲੇ ਤੇ ਲੱਤ ਦੇ ਕੇ,
ਲੋ ਲਗਦਿਆਂ ਜੰਗਲੋਂ ਪਾਰ ਹੋ ਜਾਓ।
ਟੁੱਕੇ ਬੁੱਲ੍ਹ ਹਜ਼ੂਰ ਨੇ ਖਾ ਘੂਰੀ, ਕਿਹਾ,
"ਕਿਹੜਾ ਸਰਦਾਰ ਇਹ ਬੋਲਦਾ ਏ ?’
"ਸੇਵਕ ਬੋਲਦੈ" ਸਿੰਘ ਨੇ ਕਿਹਾ ਅੱਗੋਂ,
“ਸਾਡਾ ਸਾਂਝਾ ਵਿਚਾਰ ਇਹ ਬੋਲਦਾ ਏ,
ਮੈਂ ਨਹੀਂ ਬੋਲਦਾ, ਬੱਲਦੇ ਪੰਥ ਸਾਰਾ,
ਬਲਕਿ ਦੇਸ਼ ਪਿਆਰ ਇਹ ਬੋਲਦਾ ਏ ।
ਬੈਠਾ ਹੋਇਆ ਮਜ਼ਲੂਮ ਦੇ ਦਿਲ ਅੰਦਰ,
ਪਿਆ ਆਪ ਕਰਤਾਰ ਇਹ ਬੋਲਦਾ ਏ।
ਸਾਡੇ ਜਿਹੇ ਲੱਖਾਂ ਪੈਦਾ ਕਰੇਂਗਾ ਤੂੰ,
ਪਾਸਾ ਅਸਾਂ ਕੋਈ ਜਗਤ ਦਾ ਬਮ੍ਹਣਾ ਨਹੀਂ ।
(ਪਰ) ਜੇ ਤੂੰ ਨਾ ਰਹਿਓ ਦਸ਼ਮੇਸ਼ ਦੂਲੇ,
ਗੋਬਿੰਦ ਸਿੰਘ ਮੁੜ ਕੇ ਫੇਰ ਜੰਮਣਾ ਨਹੀਂ ।"
ਆਇਆ ਰੋਹ ਅੰਦਰ ਪੁਤਲਾ ਸ਼ਾਂਤੀ ਦਾ,
ਉਹਦੀ ਬੀਰਤਾ ਸ਼ਾਨ ਵਿਖਾਣ ਲੱਗੀ।