ਤੀਰਾਂ ਉਹਦਿਆਂ ਨੇ ਗਿਠ ਗਿਠ ਜੀਭ ਕੱਢੀ,
ਆਕੜ ਓਸਦੀ ਲੈਣ ਕਮਾਨ ਲੱਗੀ।
ਸ਼ਕੀ ਵਾਂਗ ਦਮੂਹੀ ਦੇ ਤੇਗ ਉਹਦੀ,
ਵੱਟ ਵਿੱਚ ਮਿਆਨ ਦੇ ਖਾਣ ਲੱਗੀ।
ਨੀਲਾ ਹਿਣਕਿਆ, ਬਾਜ ਨੇ ਖੰਭ ਫੰਡੇ,
ਧਰਤੀ ਕੰਬ ਕੇ ਹੋਣ ਹੈਰਾਨ ਲੱਗੀ ।
ਲਾਟਾਂ ਨਿਕਲੀਆਂ ਉਹਦਿਆਂ ਨੇਤਰਾਂ 'ਚੋਂ,
ਡੋਲੀ ਓਸਦੀ ਛੱਲੀਆਂ ਪੈ ਗਈਆਂ ।
ਕਲਗੀ ਓਸ ਦੀ 'ਚੋਂ ਬਿਜਲੀ ਜਿਹੀ ਲਿਸ਼ਕੀ,
ਫ਼ੌਜਾਂ ਵਿੱਚ ਤਰਥੱਲੀਆਂ ਪੈ ਗਈਆਂ।
ਉਸ ਨੇ ਕਿਹਾ ਗੰਭੀਰਤਾ ਨਾਲ, "ਸਿੱਖੋ !
ਕੀ ਮੈਂ ਪਿੱਠ ਵਿਖਾ ਕੇ ਨੱਠ ਜਾਵਾਂ ?
ਜਿਨ੍ਹਾਂ ਮੌਤ ਤੀਕਰ ਮੇਰਾ ਸਾਥ ਦਿੱਤੇ,
ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ ?
ਚਾਰ ਦਿਨਾਂ ਦੀ ਕੁੜੀ ਜਿਹੀ ਜ਼ਿੰਦਗੀ ਲਈ,
ਮੈਂ ਹੁਣ ਘੋੜਾ ਭਜਾ ਕੇ ਨੱਠ ਜਾਵਾਂ ?
ਅੰਮ੍ਰਿਤ ਦੇ ਕੇ ਜਿਨ੍ਹਾਂ ਨੂੰ ਅਮਰ ਕੀਤੇ,
ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ ?
ਜੇਕਰ ਆਸ ਮੈਥੋਂ ਈਹ ਰੱਖਦੇ ਹੋ,
ਤੁਸੀਂ ਸੱਚ ਜਾਣੋਂ ਕੁਝ ਵੀ ਜਾਣਦੇ ਨਹੀਂ ।
ਵੱਲਾ ਵਕਤ ਪਛਾਣਦੇ ਹੋ ਭਾਵੇਂ
ਪਰ ਦਸ਼ਮੇਸ਼ ਨੂੰ ਤੁਸੀਂ ਪਛਾਣਦੇ ਨਹੀਂ ।"
ਸਿੱਖ ਨਾਲ ਜਕਲੰਬ ਦੇ ਬੋਲ ਉੱਠੇ,
“ਹੁਣ ਕੁਝ ਸੁਣਨ ਸੁਣਾਨ ਦੀ ਆਗਿਆ ਨਹੀਂ ।
ਗੋਬਿੰਦ ਸਿੰਘ, ਤੈਨੂੰ ਪੰਥ ਹੁਕਮ ਦੇਂਦੇ,
ਏਥੇ ਘੜੀ ਲੰਘਾਣ ਦੀ ਆਗਿਆ ਨਹੀਂ ।
ਤੂੰ ਹੈਂ ਗੁਰੂ ਤੇ ਖ਼ਾਲਸਾ ਗੁਰੂ ਤੇਰਾ
ਉਹਦਾ ਹੁਕਮ ਪਰਤਾਣ ਦੀ ਆਗਿਆ ਨਹੀਂ ।