ਮਾਛੀਵਾੜੇ ਵੱਲ
ਗੜ੍ਹੀ ਵਿਚੋਂ ਦਸ਼ਮੇਸ਼ ਤਿਆਰ ਹੋ ਪਏ,
ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ।
ਅਰਦਲ ਵਿੱਚ ਲੈ ਕੇ ਦਇਆ ਸਿੰਘ ਤਾਈਂ,
ਮੱਥਾ ਧਰ ਲਿਉ ਨੇ ਮਾਛੀਵਾੜੇ ਦੇ ਵੱਲ।
ਡਿੱਠਾ ਨਾਲ ਸਤਿਕਾਰ ਦੇ ਪਾਤਸ਼ਾਹ ਨੇ,
ਜਾਂਦੀ ਵਾਰੀ ਸ਼ਹੀਦੀ ਅਖਾੜੇ ਦੇ ਵੱਲ।
ਲੰਘਦੇ ਹੋਏ ਜੁਝਾਰ ਦੀ ਲਾਸ਼ ਕੋਲੋਂ,
ਪੈ ਗਈ ਨਿਗਾਹ ਕੁਰਬਾਨੀ ਦੇ ਲਾੜੇ ਦੇ ਵੱਲ।
ਪਲ ਭਰ ਵੇਖਿਆ ਦਾਤੇ ਨੇ ਨਾਲ ਗੌਰਵ,
ਅਤੇ ਫੇਰ ਮੁਸਕਾ ਕੇ ਲੰਘ ਟੁਰਿਆ।
ਫਾਹੀਆਂ ਲਾਂਦੀਆਂ ਆਂਦਰਾਂ ਰਹਿ ਗਈਆਂ,
ਪਰ ਉਹ ਪੱਲਾ ਛੁਡਾ ਕੇ ਲੰਘ ਟੁਰਿਆ।
ਭੁੱਬਾਂ ਨਿਕਲ ਗਈਆਂ ਦਇਆ ਸਿੰਘ ਦੀਆਂ,
ਤੇ ਉਹ ਘੇਰਨੀ ਖਾ ਕੇ ਬੈਠ ਗਿਆ।
ਉਸ ਦੇ ਲਹੂ ਲਿਬੜੇ ਪੈਰਾਂ ਕੁਲਿਆਂ ਤੇ,
ਸਿੱਖ ਸੀਸ ਝੁਕਾ ਕੇ ਬੈਠ ਗਿਆ।
ਲਹੂ ਪੂੰਝ, ਕੇਸਾਂ ਵਿਚੋਂ ਝਾੜ ਮਿੱਟੀ,
ਗੋਦੀ ਵਿੱਚ ਲਿਟਾ ਕੇ ਬੈਠ ਗਿਆ ।