ਗੁਰਾਂ ਆਖਿਆ ਰੋਹ ਦੇ ਨਾਲ ਮੁੜ ਕੇ,
“ਉੱਠ, ਬਣੀਦਾ ਏ ਜ਼ਿੰਮੇਵਾਰ ਸਿੰਘਾ ।
ਜਿੱਤੀ ਹੋਈ ਬਾਜ਼ੀ ਨਾਲ ਘਾਲਣਾਂ ਦੇ,
ਦਿਆਂ ਕਿਸ ਤਰ੍ਹਾਂ ਦੱਸ ਮੈਂ ਹਾਰ ਸਿੰਘਾ ।
ਮੇਰੀ ਨਜ਼ਰ ਵਿੱਚ ਸਾਰੇ ਸ਼ਹੀਦ ਸੁੱਤੇ,
ਨਾ ਅਜੀਤ, ਨਾ ਕੋਈ ਜੁਝਾਰ ਸਿੰਘਾ ।
ਇਕੋ ਜਿਹੇ ਨੇ ਸਾਰੇ, ਜੇ ਕਰ ਸਕਨੇਂ,
ਤਾਂ ਫਿਰ ਸਭਨਾ ਦਾ ਕਰ ਸਸਕਾਰ ਸਿੰਘਾ ।
ਮੇਰੇ ਕਾਲਜੇ ਨੂੰ ਲੱਖਾਂ ਜ਼ਖ਼ਮ ਲੱਗੇ,
ਤੂੰ ਪਲੋਸਨਾਂ ਏਂ ਇਕੋ ਫਟ ਅੜਿਆ।
ਮੇਰੀ ਅੱਖ ਚੋਂ ਵੇਖ, ਕੋਈ ਇਨ੍ਹਾਂ ਵਿਚੋਂ,
ਨਹੀਂ ਅਜੀਤ, ਜੁਝਾਰ ਤੋਂ ਘੱਟ ਅੜਿਆ ।
"ਇਕੋ ਜਿਹੇ ਟੋਟੋ ਮੇਰੀਆਂ ਆਂਦਰਾਂ ਦੇ,
ਸਿੱਖਾ ਝੱਲਿਆ ਵਿਤਕਰਾ ਕਰ ਰਿਹਾ ਏਂ।
ਕੰਡੇ ਮੌਤ ਦੇ ਚੁੱਭੋ ਨੇ ਸਾਰਿਆਂ ਨੂੰ,
ਫੁੱਲ ਸ਼ਰਧਾ ਦੇ ਕੱਲੇ ਤੇ ਧਰ ਰਿਹਾ ਏਂ ।
ਏਥੇ ਸਭਨਾਂ ਸਵਾਸਾਂ ਦਾ ਦਾਨ ਦਿੱਤਾ,
ਪਰ ਤੂੰ ਇੱਕ ਖ਼ਾਤਰ ਹਉਕੇ ਭਰ ਰਿਹਾ ਏਂ ।
ਮੈਨੂੰ ਜ਼ਿੰਦਗੀ ਦਿੱਤੀ ਏ ਸਾਰਿਆਂ ਨੇ,
ਤੂੰ ਅਜੀਤ, ਜੁਝਾਰ ਲਈ ਮਰ ਰਿਹਾ ਏਂ ।
ਜੇ ਤੂੰ ਅੰਮ੍ਰਿਤ ਦੀ ਸ਼ਕਤੀ ਗ੍ਰਹਿਣ ਕਰਦਾ,
ਵੱਖੋ ਵੱਖਰੇ ਤੈਨੂੰ ਨਾ ਬੁੱਤ ਦਿਸਦੇ।
ਜੇ ਤੂੰ ਭਾਈ ਘਨਈਏ ਤੋਂ ਸਬਕ ਲੈਂਦੇਂ,
ਤੈਨੂੰ ਸਾਰੇ ਦਸ਼ਮੇਸ਼ ਦੇ ਪੁੱਤ ਦਿਸਦੇ ।”
"ਜਿਹੜੇ ਮਰਦੇ ਨੇ ਮੌਤ ਬਹਾਦਰਾਂ ਦੀ,
ਉਹ ਨਹੀਂ ਖੱਫ਼ਨ ਦੀ ਸਮਝਦੇ ਲੋੜ ਸਿੰਘਾ ।
ਇਹ ਨੇ ਇਸ਼ਕ ਦੀ ਅੱਗ ਵਿੱਚ ਸੜਨ ਵਾਲੇ,
ਰੱਖਦੇ ਚਿਖਾ ਦੀ ਨਹੀਂ ਹੰਜੋੜ ਸਿੰਘਾ ।
ਮਾਸ ਇਨ੍ਹਾਂ ਦਾ ਖਾਣ ਨਿਸੰਗ ਹੋ ਕੇ,
ਇੱਲਾਂ, ਕਾਂ ਤਰੋੜ ਤਰੋੜ ਸਿੰਘਾ ।