ਚੰਨ-ਵੀਰ ਨਾ ਰਤਾ ਕੁ ਨਜ਼ਰ ਆਵੇ,
ਭੈਣਾਂ ਅੰਨ੍ਹੀਆਂ ਹੋ ਹੋ ਜਾਂਦੀਆਂ ਨੇਂ ।
ਬੰਨੇ ਗਏ ਨੂੰ ਰਤਾ ਕੁ ਚਿਰ ਲੱਗੇ,
ਬਹਿ ਬਹਿ ਔਂਸੀਆਂ ਰਾਹਾਂ ਤੇ ਪਾਂਦੀਆਂ ਨੇ ।
ਸੁੱਕਾ ਟੁੱਕ ਨਗੂਣਾ ਵੀ ਖਾਣ ਲੱਗਣ,
ਇਹ ਵੀ ਕੱਲਿਆਂ ਕਦੇ ਨਾ ਖਾਂਦੀਆਂ ਨੇ ।
ਮੇਰੇ ਤੁਲੇ ਦੇ ਕੱਲੇ ਮੁਹਾਣਿਆਂ ਵੇ,
ਤੂੰ ਤੇ ਮੌਤ ਦੀ ਨੀਂ ਵਿੱਚ ਤਰ ਚਲਿਆ।
ਕਲਗੀ ਵਾਲੇ ਦੀ ਅੱਖ ਦੇ ਚਾਨਣਾ ਵੇ,
ਅੱਜ ਭੈਣ ਨੂੰ ਅੰਨ੍ਹਿਆਂ ਕਰ ਚਲਿਆ।
ਐਪਰ ਵੀਰ ਵੇ, ਹੌਂਸਲਾ ਕਾਇਮ ਰੱਖੀਂ,
ਉੱਕਾ ਡਰੀਂ ਨਾ ਤੈਨੂੰ ਡਰਾਣਗੇ ਉਹ ।
ਇਹ ਵੀ ਚਰਜ ਨਹੀਂ ਗੱਲ ਤੂੰ ਸੱਚ ਜਾਣੀ,
ਬੰਦ ਬੰਦ ਵੀ ਅੱਡ ਕਰਾਣਗੇ ਉਹ।
ਜੀਭ ਸੜੇ ਮੇਰੀ, ਮੈਂ ਨਹੀਂ ਆਖ ਸਕਦੀ,
ਤੇਰੇ ਚਰਖੀ ਤੋ ਤੂੰਬੇ ਉਡਾਣਗੇ ਉਹ ।
ਇਹ ਵੀ ਕਰਨ, ਤਾਂ ਵੀ ਵੱਡੀ ਗੱਲ ਕੋਈ ਨਹੀਂ,
ਤੈਨੂੰ ਆਰੇ ਦੇ ਨਾਲ ਚਰਾਣਗੇ ਉਹ ।
ਮੇਰਾ ਭਰਮ ਨਾ ਕਰੀਂ ਮੈਂ ਸਮਝ ਲਵਾਂਗੀ,
ਤੈਨੂੰ ਪਿਤਾ ਮੇਰਾ ਨਾਲੇ ਲੈ ਗਿਆ ਸੀ ।
ਅੰਪਰ ਇਹ ਨਾ ਸੁਣਾਂ ਕਿ ਮਰਨ ਵੇਲੇ,
ਮੱਥੇ ਵੱਟ ਭਰਾ ਦੇ ਪੈ ਗਿਆ ਸੀ।
ਤੇਰੇ ਬਿਨਾਂ ਜਹਾਨ ਉਜਾੜ ਹੋਣੇ,
ਕਰਸੀ ਘਰ ਬੂਹਾ ਤਾਂ ਤਾਂ ਚੰਨਾ।
ਤੇਰੀ ਰੱਤ ਦੇ ਨਾਲ ਹੀ ਚਮਕਣਾ ਸੀ,
ਐਪਰ ਏਸ ਖਣਵਾਦੇ ਦਾ ਨਾਂ ਚੰਨਾਂ ।
ਮਤੇ ਘਾਬਰੇ ਜਦੋਂ ਦਬਾ ਪਾਨੀ,
ਤੈਨੂੰ ਪਈ ਸਮਝਾਂਦੀ ਹਾਂ ਤਾਂ ਚੰਨਾਂ ।
ਕਰੀਂ ਨਾਂਹ ਜੇ ਆਖਣੀ ਧਰਮ ਛੱਡ ਦੇ,
ਪੁੱਛਣ ਮਰਨਾ ਈ ? ਆਖ ਦਈ ਹਾਂ ਚੰਨਾਂ।