ਹੰਝੂ ਪੂੰਝੇ ਜਾਂ ਨਰਗਸੀ ਅੱਖੀਆਂ 'ਚੋਂ',
ਉਸ ਨੇ ਦਾਜ ਦੀ ਸੁੱਚੀ ਕਮੀਜ਼ ਦੇ ਨਾਲ ।
ਮੂਰਤ ਨਾਨਕ ਦੀ ਲਾਹੀ ਪੜਛਤੀ ਉਤੋਂ,
ਮੱਥਾ ਟੇਕਿਆ ਧਰ ਕੇ ਦਹਿਲੀਜ਼ ਦੇ ਨਾਲ ।
ਗਲ ਵਿੱਚ ਰੱਤੜੇ ਸਾਲੂ ਦਾ ਪਾ ਪੱਲਾ,
ਖੜੀ ਹੋ ਗਈ ਸਿਦਕ ਦੇ ਰਾਹ ਅੱਗੇ ।
ਬੜੇ ਦਰਦ ਦੇ ਨਾਲ ਅਰਦਾਸ ਕੀਤੀ
ਉਸ ਨੇ ਫੇਰ ਨਾਨਕ ਪਾਤਸ਼ਾਹ ਅੱਗੇ ।
ਸੁਣ ਵੇ ਵੀਰਨਾ ਨਾਨਕੀ ਭੈਣ ਦਿਆ,
ਮੇਰਾ ਦਰਦ ਨਾ ਕੋਈ ਪਛਾਣਦਾ ਏ ।
ਕੀ ਨੇ ਆਂਦਰਾਂ ਭੈਣ ਭਰਾ ਦੀਆਂ,
ਤੇਰੇ ਬਾਝ ਬਾਬਾ ਕਿਹੜਾ ਜਾਣਦਾ ਏ ।
ਇਹਦੇ ਨਾਲ ਤੇ ਕਿਸਮਤਾਂ ਬੱਝੀਆਂ ਨੇ,
ਇਹਦੇ ਬਾਝ ਸਭੇ ਫੁਟ ਜਾਣਗੀਆਂ ।
ਤੇਰੇ ਰਹਿਣਗੇ ਸਦਾ ਰਬਾਬ ਵਜਦੇ,
ਪਰ ਤਾਰਾਂ ਭੈਣ ਦੀਆਂ ਟੁਟ ਜਾਣਗੀਆਂ।
ਵਸਦੀ ਰਹੇ ਤਲਵੰਡੀ ਦੀ ਜੂਹ ਤੇਰੀ,
ਉਹਨੂੰ ਲੈ ਕੇ ਕਿਸੇ ਨਾ ਭਜ ਜਾਣਾ ।
ਚਾਬੀ ਕਿਸੇ ਨਨਕਾਣੇ ਦੀ ਰੱਖਣੀ ਨਹੀਂ,
(ਪਰ) ਮੇਰੇ ਬਾਬਲ ਦਾ ਜੰਦਰਾ ਵੱਜ ਜਾਣਾ।
ਲੱਗੇ ਦਾਗ ਨਾ ਵੀਰ ਦੇ ਸਿਦਕ ਉਤੋਂ,
ਛੇਤੀ ਭੈਣ ਦੇ ਮੱਥੇ ਭਰਾ ਲੱਗੇ ।
ਭਾਂਬੜ ਕੰਡਿਆਂ ਦੇ ਠਾਰਨ ਵਾਲਿਆ ਵੇ,
ਮੇਰੇ ਵੀਰ ਨੂੰ ਤੱਤੀ ਨਾ ਵਾ ਲੱਗੇ ।
ਖਾਰੇ ਹੰਝੂਆਂ ਵਿੱਚ ਤਸਵੀਰ ਭਿੱਜੀ,
ਨਾਲ ਰੋ ਰੋ ਕੇ ਅੱਖੀਆਂ ਸੁੱਜ ਗਈਆਂ
ਜਿਥੇ ਹਾੜੇ ਭਰਾ ਦੇ ਅਪੜੇ ਸੀ,
ਭੈਣ ਦੀਆਂ ਅਰਦਾਸਾਂ ਵੀ ਪੁਜ ਗਈਆਂ ।