ਭੈਣ ਹੌਕਿਆਂ ਦੇ ਬਖੜੇ ਬੜੇ ਛੱਡੇ,
ਪਰ ਨਾ ਬੱਦਲ ਨਸੀਬਾਂ ਦੇ ਛੱਡ ਸਕੀ।
ਟੁੱਟਾ ਆਪਣਾ ਜੇਰਾ ਤਾਂ ਗੰਢ ਲਿਓ ਸੂ,
ਐਪਰ ਵੀਰ ਦੀ ਟੁੱਟੀ ਨਾ ਗੰਢ ਸੱਕੀ ।
ਜਦੋਂ ਔਕੜੇ ਭਾਗਾਂ ਨਾ ਹਾਰ ਮੰਨੀ,
ਨਵਾਂ ਹੋਰ ਹਥਿਆਰ ਅਜ਼ਮਾਨ ਲੱਗੀ।
ਮੋਹ ਦੀ ਤੰਦੀ ਦਾ ਪੇਚਵਾਂ ਜਾਲ ਲਾ ਕੇ,
ਪੰਛੀ ਵੀਰ ਦੇ ਸਿਦਕ ਨੂੰ ਫਾਹਣ ਲੱਗੀ ।
ਝੂਠੀ ਮੁਸਕਣੀ ਬੁੱਲ੍ਹਾਂ ਤੇ ਤੋਲ ਕੇ ਤੇ,
ਲੱਗੀ ਕਹਿਣ ਕਿਧਰ ਕਮਰਾਂ ਕੱਸੀਆਂ ਨੀਂ ।
ਵੇ ਮੈਂ ਸਹਿਕ ਲੱਥੀ ਅਜ ਦੇ ਦਿਨ ਤੀਕਰ,
ਕਿਸੇ ਤਾਂਈਂ ਨਾ ਦਿਲ ਦੀਆਂ ਦੱਸੀਆਂ ਨੀਂ।
ਆਹ ! ਮੁਟਿਆਰ ਜਿਹੜੀ ਤੇਰੇ ਲੜ ਲੱਗੀ,
ਵੇ ਚੋਂਹ ਭੁਆਟੀਆਂ ਦੀ ਜਿਹੜੀ ਚੋਰ ਹੋ ਗਈ ।
ਇਹਦੇ ਨਾਲ ਵੀ ਕਰੇਂ ਨਾ ਬੋਲ ਸਾਂਝੇ,
ਤੇਰੀ ਨਜ਼ਰ ਨਮੋਹਰੀਆ ਹੋਰ ਹੋ ਗਈ।
ਆ ਸੰਭਾਲ ਆਪਣਾ ਲੱਗਾ ਘਰ ਬੂਹਾ,
ਏਸ ਸ਼ੋਹਦੜੀ ਨੂੰ ਪੇਕੇ ਘੱਲਦੀ ਹਾਂ ।
ਜਥਿਆਂ ਨਾਲ ਤੂੰ ਚਾਰ ਦਿਨ ਸੈਟ ਕਰ ਲੈ
ਮੈਂ ਵੀ ਸਹੁਰਿਆਂ ਦੇ ਬੂਹੇ ਚੱਲਦੀ ਹਾਂ ।
ਅੰਦਰ ਬੈਠ ਕੈਸੇ ਦੁੱਖ ਸੁੱਖ ਫੋਲਦਾ ਸੈਂ,
ਖੋਰੇ ਨਜ਼ਰ ਕਿਸਦੀ ਲੱਗ ਗਈ ਤੈਨੂੰ ।
ਕੰਠੇ ਜੇਡੀ ਸਹੇੜ ਕੇ ਘਰ ਵਾਲੀ,
ਘਰ ਦੀ ਭੂਮਨਾ ਅਜੇ ਨਾ ਪਈ ਤੈਨੂੰ ।
ਕਰਨ ਕਾਰਨ ਏ ਵਾਲੀ ਤਲਵੰਡੀ ਦਾ ਉਹ,
ਉਹ ਨਜ਼ਰ ਅੰਦਰ ਮੰਤਰ ਲੱਖਦਾ ਏ ।
ਉਹ ਨਿਗਾਹ ਨਾਲ ਨਨਕਾਣਾ ਛੁਡਾ ਲਏਗਾ,
ਤੇਰੇ ਜਿਹੀਆਂ ਦੀ ਲੋੜ ਨਾ ਰੱਖਦਾ ਏ ।