ਨੇਕੀ ਕਰਦਿਆਂ ਨੂੰ ਜਿਹੜਾ ਰੋਕਦਾ ਏ,
ਕੌਮਾਂ ਉਸ ਨੂੰ ਸੱਚ ਕੀ ਕਹਿੰਦੀਆਂ ਨੇ,
ਜਿਨ੍ਹਾਂ ਭੈਣਾਂ ਦਾ ਜਗ ਤੇ ਵੀਰ ਕੋਈ ਨਹੀਂ,
ਉਹ ਭੈਣਾਂ ਵੀ ਜਹਾਨ ਤੇ ਰਹਿੰਦੀਆਂ ਨੇ ।
ਛਡ ਦੇ ਏਸ ਮੁਟਿਆਰ ਦਾ ਭਰਮ ਅੜੀਏ,
ਚਾਰ ਚੰਨ ਇਹਦੇ ਮੱਥੇ ਲਾ ਦਿਆਂਗਾ,
ਪਾ ਕੇ ਅਮਰ ਸ਼ਹੀਦੀ ਦੀ ਜ਼ਿੰਦਗਾਨੀ,
ਇਹਨੂੰ ਸਦਾ ਸੁਹਾਗਣ ਬਣਾ ਦਿਆਂਗਾ।
ਅੰਮ੍ਰਿਤ ਛਕਿਆ ਸੀ ਜਦੋਂ ਦਸ਼ਮੇਸ਼ ਦਾ ਮੈਂ,
ਤਦ ਤੋਂ ਮੌਤ ਵਾਲੇ ਸਬਕ ਪੜ੍ਹੇ ਹੋਏ ਨੇ ।
ਤੈਨੂੰ ਰੋਣ ਵਿਛੋੜੇ ਦਾ ਆ ਰਿਹਾ ਏ,
ਸਾਨੂੰ ਚਾ ਸ਼ਹੀਦੀ ਦੇ ਚੜ੍ਹੇ ਹੋਏ ਨੇ,
ਭੈਣੇ ਕਮਲੀਏ ਵੀਰ ਨਾ ਜਾਣ ਇਕੱਲਾ,
ਮੇਰਾ ਰਾਹ ਸ਼ਹੀਦ ਉਲੀਕਦੇ ਨੇ ।
ਬਲਦੀ ਸ਼ਮ੍ਹਾ ਜਦ ਦਿੱਸੇ ਪਤੰਗਿਆਂ ਨੂੰ,
ਕਦੋਂ ਕਿਸੇ ਦਾ ਸਾਥ ਉਡੀਕਦੇ ਨੇ
ਸਾਕਾਦਾਰੀਆਂ ਜੱਗ ਤੇ ਕੁੜੀਆਂ ਨੇ,
ਮੂੰਹ ਤੇ ਹੱਸਣਾ, ਥੁੱਕਣਾ ਕੰਡ ਉੱਤੇ ।
ਇੱਕਠੇ ਰਾਤ ਗੁਜ਼ਾਰ ਕੇ ਉਡਣ ਪੰਛੀ,
ਕੋਈ ਬੋਹੜ ਉਤੇ, ਕੋਈ ਜੰਡ ਉੱਤੇ ।
ਮੇਰਾ ਸੀਸ ਜੇ ਗੁਰੂ ਪਰਵਾਨ ਕੀਤਾ,
ਤੇਰੀਆਂ ਕੁੱਲ ਉਦਾਸੀਆਂ ਹਰਨਗੀਆ ।
ਨਾਲੇ ਹੋਵੇਗਾ ਮਾਂ ਦਾ ਦੁੱਧ ਸਫਲਾ,
ਇੱਕੀ ਕੁਲਾਂ ਆਸਾਡੀਆਂ ਤਰਨਗੀਆਂ ।
ਏਨੀ ਆਖ ਕੇ ਫਤਹਿ ਬੁਲਾਈ ਵੀਰੇ,
ਹੱਸਦੇ ਮੂੰਹ ਦੋਵੇਂ ਹੱਥ ਜੋੜ ਕੇ ਤੇ ।
ਚਾਰੇ ਕੰਨੀਆਂ ਝਾੜ ਕੇ ਗਿਆ ਪੰਛੀ,
ਗਲੋਂ ਰੋਂਦੀਆਂ ਬਾਹਾਂ ਤਰੋੜ ਕੇ ਤੇ ।