ਉਸ ਨੇ ਕਿਹਾ ਸੀ ਸਿੱਖ ਪੰਜਾਬ ਕੱਠੇ,
ਕੋਈ ਨਹੀਂ ਦੇਹਾਂ ਤਾਈਂ ਕਰ ਵੱਖ ਸਕਦਾ ।
ਘਰ ਦੇ ਭੇਤੀ ਜੋ ਸੰਨ੍ਹਾਂ ਨਾ ਲਾਉਣ ਇਹਨੂੰ,
ਰੱਬ ਵੀ ਇਹਨੂੰ ਗੁਲਾਮ ਨਹੀਂ ਰੱਖ ਸਕਦਾ ।
ਜਦੋਂ ਨਿਬਲਿਆ ਜਥਾ ਪਰਵਾਨਿਆਂ ਦਾ,
ਧੁੰਮਾਂ ਪੈ ਗਈਆਂ ਪਿੰਡਾਂ, ਗਰਾਵਾਂ ਦੇ ਵਿਚ।
ਤੱਕ ਕੇ ਕਈਆਂ ਦੀ ਅਣਖ ਹਲੂਣ ਘੱਤੀ,
ਲਹੂ ਖੋਲ ਉੱਠਿਆ ਕਈਆਂ ਬਾਹਵਾਂ ਦੇ ਵਿੱਚ ।
ਕਈ ਮਹਿੰਦੀਆਂ ਘੋਲੀਆਂ ਰਹਿ ਗਈਆਂ,
ਪੈ ਗਏ ਕੀਰਨੇ ਹੁੰਦੀਆਂ ਲਾਵਾਂ ਦੇ ਵਿੱਚ ।
ਅੰਤ ਜਾ ਕੇ ਸ਼ੇਰਾਂ ਦਾ ਪਿੜ ਬੱਝਾ,
ਪੈ ਗਈ ਮੌਤ ਦੀ ਛਿੰਜ ਸਭਰਾਵਾਂ ਦੇ ਵਿੱਚ ।
ਓਧਰ ਚੜ੍ਹੀ ਸੀ ਹਾਠ ਸਾਮਰਾਜੀਆਂ ਦੀ,
ਏਧਰ ਢੋਲ ਆਜਾਦੀ ਦਾ ਖੜਕਦਾ ਸੀ ।
ਓਧਰ ਗਿੱਦੜਾਂ ਦਾ ਦਿਲ ਸੀ ਬੇਮੁਹਾਰਾ,
ਏਧਰ ਸ਼ੇਰ ਅਟਾਰੀ ਦਾ ਬੜ੍ਹਕਦਾ ਸੀ ।
ਚੜ੍ਹਿਆ ਹੋਇਆ ਸੀ ਕਟਕ ਫ਼ਰੰਗੀਆ ਦਾ,
ਐਪਰ ਸਿੰਘਾਂ ਦੀ ਫ਼ੌਜ ਸਵਾਈ ਹੈਸੀ।
ਫਿਰ ਵੀ ਦੂਲਿਆ ਸ਼ੇਰਾ ਪੰਜਾਬੀਆਂ ਨੇ,
ਬਾਜ਼ੀ ਸਿਰਾਂ ਤੇ ਧੜਾਂ ਦੀ ਲਾਈ ਹੈਸੀ ।
ਡਿੱਗ ਕੇ ਅੰਤ ਸਰਦਾਰ ਸ਼ਹੀਦ ਹੋਇਆ,
ਵਾਢੀ ਰੱਜ ਕੇ ਸਿਰਾਂ ਦੀ ਪਾਈ ਹੈਸੀ।
ਜਿਹੜੀ ਕਦੀ ਇਤਿਹਾਸ ਨੇ ਭੁੱਲਣੀ ਨਹੀਂ,
ਉਹ ਸਭਰਾਵਾਂ ਵਿੱਚ ਹੋਈ ਲੜਾਈ ਹੈਸੀ ।
"ਹੁੰਦੀ ਕੋਲ ਸਰਕਾਰ ਤੇ ਮੁੱਲ ਪਾਉਂਦੀ,
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਸੀ ।
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ,
ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਸੀ ।"