

ਪਰ ਜਾਣਾ ਪੈਂਦਾ ਜੇ ਨਰਕ 'ਚ ਮਗਰ ਇਹਦੇ,
ਤਾਂ ਵੀ ਬਦਲਾ ਸ਼ਹੀਦਾਂ ਦਾ ਛੱਡਦਾ ਨਾਂਹ ।
ਰੱਸਾ ਫਾਂਸੀ ਦਾ ਪਾ ਕੇ ਗਲ ਆਪਣੇ,
ਗਿਲਾ ਦੂਰ ਕੀਤਾ ਮੋਇਆਂ ਹਾਣੀਆਂ ਦਾ,
ਕੀਤਾ ਮਾਂ ਪੰਜਾਬਣ ਦਾ ਦੁੱਧ ਸਫਲਾ,
ਕੀਤਾ ਨੀਰ ਸਫ਼ਲਾ ਪੰਜਾਂ ਪਾਣੀਆਂ ਦਾ।
ਊਧਮ ਸਿੰਘ ਜੰਮਦੇ ਮਰਦੇ ਲੱਖ ਰਹਿਸਣ,
ਮੌਤ ਜ਼ਿੰਦਗੀ ਦੀ ਗੱਡੀ ਥਮਣੀ ਨਹੀਂ।
ਰੱਖੇ ਅਣਖ ਪੰਜਾਬ ਦੀ ਰੱਬ ਸੱਚਾ,
ਜੇ ਇਹ ਮਰ ਗਈ ਪਰਤ ਕੇ ਜੰਮਣੀ ਨਹੀਂ ।
ਬਾਗ ਜਲ੍ਹਿਆਂ ਵਾਲੇ ਦੋ ਫੁਲ ਕਲੀਆਂ,
ਸਿੱਧੇ ਜੋ ਗੋਰੇ ਸ਼ਾਹੀ ਅੱਡੀਆਂ ਨੇ,
ਮੈਨੂੰ ਇਸ ਤਰ੍ਹਾਂ ਜਾਪਦੇ ਅੱਜ ਉਥੇ,
ਸੁੱਕੇ ਟਹਿਣਾਂ ਕਰੂੰਬਲਾਂ ਕੱਢੀਆਂ ਨੇ ।
ਲੜਿਆਂ ਨਾਲ ਹਨੇਰੀਆਂ ਡਾਹ ਛਾਤੀ,
ਹੁਣ ਇਹ ਝੱਖੜ ਪਰ ਪਰਤ ਕੇ ਵੱਗਣਾ ਨਹੀਂ ।
ਠੰਡਾ ਹੋ ਕੇ ਚੱਲਿਆਂ ਜੱਗ ਉਤੇ,
ਮੈਨੂੰ ਮੜ੍ਹੀ ਦਾ ਸੇਕ ਵੀ ਲੱਗਣਾ ਨਹੀਂ ।
ਵਤਨਾਂ ਮੇਰਿਆ ! ਮਤਾਂ ਕੋਈ ਇਹ ਆਖੇ,
ਮੇਰੀਆਂ ਅੱਖਾਂ 'ਚ ਤੇਰੀ ਤਸਵੀਰ ਨਹੀਂ ਸੀ ।
ਤੇਰਾ ਨਾਂ ਮੈਂ ਚੁੰਮਦਾ ਜਾ ਰਿਹਾ ਹਾਂ,
ਤੈਨੂੰ ਵੇਖਣਾ ਮੇਰੀ ਤਕਦੀਰ ਨਹੀਂ ਸੀ ।
ਮੇਰੀ ਆਖ਼ਰੀ ਖਾਰਸ਼ ਜੇ ਪੁਛਣੀ ਜੇ,
ਤਾਂ ਫਿਰ ਜਾਲਮਾਂ ਏਨਾ ਕੁ ਪੱਖ ਦੇਣਾ ।
ਪੰਜਾਬ ਦੀ ਧਰਤੀ ਦਾ ਖਿੱਚ ਨਕਸ਼ਾ,
ਮੇਰੇ ਮੰਏ ਦੀ ਛਾਤੀ ਤੇ ਰੱਖ ਦੇਣਾ।