

ਲਾਜਪਤ ਰਾਇ
ਮੇਰੇ ਵਤਨ ਦੇ ਤਪਦਿਆਂ ਵਿਹੜਿਆਂ ਵਿਚ,
ਬਣ ਬੋਹੜ ਜਿਨ੍ਹਾਂ ਵੀਰਾਂ ਛਾਂ ਕੀਤੀ ।
ਲਹੂ ਆਪਣਾ ਡੋਹਲ ਕੇ ਖਿੜੇ ਮੱਥੇ,
ਜਿਨ੍ਹਾਂ ਬਾਗ਼ 'ਚੋਂ ਦੂਰ ਖਿਚਾਂ ਕੀਤੀ ।
ਭਾਰਤਵਰਸ਼ ਨੂੰ ਜਿੰਦਗੀ ਦੇਣ ਖ਼ਾਤਰ,
ਜਿਨ੍ਹਾਂ ਜੋਧਿਆਂ ਮਰਨ ਲਈ ਹਾਂ ਕੀਤੀ।
ਜ਼ੁਲਮ ਜਬਰ ਸਹਾਰ ਕੇ ਗੋਰਿਆਂ ਦਾ,
ਲਾਜ ਪੱਤ ਵਾਲੀ ਭਾਰਤ ਮਾਂ ਕੀਤੀ ।
ਖੱਫਣ ਬੰਨ੍ਹ ਜੋ ਮੌਤ ਦੀ ਖੇਡ ਖੇਡੇ,
ਮਾਨ ਸਮਾਂ ਨੂੰ ਜਿਨ੍ਹਾਂ ਸੁਰੰਗਿਆਂ ਦਾ ।
ਲਾਜਪਤ ਪੰਜਾਬ ਦਾ ਸ਼ੇਰ ਦੁਲਾ,
ਮੋਹਰੀ ਹੁੰਦਾ ਸੀ ਉਨ੍ਹਾਂ ਪਤੰਗਿਆਂ ਦਾ।
ਛਿੰਜ ਅਣਖ ਦੀ ਜਦੋਂ ਵੀ ਪਈ ਕਿਧਰੇ,
ਲਾਂਗੜ ਬੰਨ੍ਹ ਕੁਸ਼ਤੀ ਲੜਣ ਆ ਗਿਆ ਉਹ ।
ਕਿਧਰੇ ਬਲੀ ਜਦ ਸ਼ਮ੍ਹਾਂ ਕੁਰਬਾਨੀਆਂ ਦੀ,
ਪਹਿਲਾਂ ਸਾਰਿਆਂ ਤੋਂ ਸੜਣ ਆ ਗਿਆ ਉਹ ।