

ਉਹ ਸਨ ਫੁੱਲ ਸਾਮਰਾਜ ਦੇ ਚੁਣੇ ਹੋਏ,
ਤੇਰੀ ਲਾਸ਼ ਤੇ ਹਾਰ ਜੋ ਪਾਏ ਗਏ ਸੀ ।
ਪੁੱਟ ਕੇ ਕਿੱਲ ਅੰਗਰੇਜ਼ ਦੇ ਤਖ਼ਤ ਵਿਚੋਂ,
ਤੇਰੀ ਅਰਥੀ ਦੇ ਤਖ਼ਤੇ ਨੂੰ ਲਾਏ ਗਏ ਸੀ ।
ਸ਼ੇਰਾ ਗੂੰਜਦੀ ਰਹੇਗੀ ਬੜਕ ਤੇਰੀ,
ਕੁੱਖਾਂ ਜ਼ੁਲਮ ਦੀਆਂ ਛਿੱਨੀਆਂ ਜਾਣਗੀਆਂ ।
ਤੇਰੀਆਂ ਲੰਮੀਆਂ ਮੰਜ਼ਿਲਾਂ ਸਦਾ ਤੜੀ,
ਨਾਲ ਅੱਖੀਆਂ ਦੇ ਮਿਣੀਆਂ ਜਾਣਗੀਆਂ ।
ਤੇਰੀ ਮੜ੍ਹੀ ਦੇ ਕੋਲ ਸਾਮਰਾਜ ਦੀਆਂ,
ਮੜ੍ਹੀਆਂ ਲੱਖ ਵਾਰੀ ਚਿਣੀਆਂ ਜਾਣਗੀਆਂ।
ਸਾਡੇ ਦਿਲਾਂ ਤੇ ਤੇਰੀਆਂ ਡਾਂਗਾਂ ਦੀਆਂ,
ਲਾਸਾਂ ਹਸ਼ਰ ਤੀਕਰ ਗਿਣੀਆਂ ਜਾਣਗੀਆਂ।
ਨਾਹਰਾ ਜਿਹਾ ਆਜ਼ਾਦੀ ਦਾ ਮਾਰਿਆ ਤੂੰ,
ਪਾਟੇ ਕੰਨ ਘੋਗਲ ਕੰਨੇ ਡੋਰਿਆਂ ਦੇ ।
ਡਾਂਗਾਂ ਵੱਜੀਆਂ ਤੇਰੇ ਸਰੀਰ ਉੱਤੇ,
ਟੁੱਟੇ ਲੱਕ ਵਲੰਤ ਵਿੱਚ ਗੋਰਿਆਂ ਦੇ ।
ਤੇਨੂੰ ਮਾਰਿਆ ਸੀ ਮਰਨ ਜੋਗਿਆਂ ਨੇ,
ਐਪਰ ਉਨ੍ਹਾਂ ਦਾ ਵਾਰ ਵੀ ਅਮਰ ਹੋਇਆ ।
ਤੂੰ ਤੇ ਹੋਇਆ ਸੀ ਅਮਰ ਸ਼ਹੀਦ ਹੋ ਕੇ,
ਤੇਰਾ ਪਿੰਡ ਪਰਿਵਾਰ ਵੀ ਅਮਰ ਹੋਇਆ।
ਤੇਰੀ ਘਾਲ ਸੰਸਾਰ ਤੇ ਸਫਲ ਹੋ ਗਈ,
ਤੇਰਾ ਦੇਸ਼ ਪਿਆਰ ਵੀ ਅਮਰ ਹੋਇਆ।
ਤੇਰੀ ਮੌਤ ਮਰ ਜਾਣੀ ਦੇ ਸਿਰ ਸਦਕਾ,
ਭਗਤ ਸਿੰਘ ਸਰਦਾਰ ਵੀ ਅਮਰ ਹੋਇਆ।
ਵੱਜ ਗਏ ਜੰਦਰੇ ਜ਼ੁਲਮ ਦੇ ਮਹਿਲ ਉੱਤੇ,
ਮਿਲ ਗਿਆ ਸਾਨੂੰ ਗੁੱਛਾ ਚਾਬੀਆਂ ਦਾ ।
ਆ ਗਈ ਭਾਵੇਂ ਆਜ਼ਾਦੀ ਪੰਜਾਬ ਅੰਦਰ,
ਬੁੱਟਾ ਹੋ ਗਿਆ ਦੇਸ਼ ਪੰਜਾਬੀਆਂ ਦਾ ।