

ਭਾਰਤ ਦੇ ਨੌਜਵਾਨਾਂ !
*ਓ ਅਮਨ ਦੇ ਉਪਾਸ਼ਕ,
ਓ ਨੌਜਵਾਨ ਸ਼ੇਰਾ !
ਬਿਪਤਾ 'ਚ ਫਸ ਗਿਆ ਏ,
ਫਿਰ ਸਵਰਗ ਦੇਸ਼ ਤੇਰਾ ।
ਤੇਰੀ ਆਜ਼ਾਦੀ ਉਤੇ ਦੈਤਾਂ ਨੇ ਬਾਂਹ ਉਲਾਰੀ,
ਸੋਨੇ ਦੀ ਇਸ ਚਿੜੀ ਤੇ ਇੱਲਾਂ ਨੇ ਝਪਟ ਮਾਰੀ
ਚੰਨਾਂ ਤਿਆਗ ਦੇ ਤੂੰ ਇਹ ਖ਼ੁਸ਼ਗਵਾਰ ਛਾਂਵਾਂ,
ਤੇਰੇ ਵਤਨ ਤੇ ਚੜ੍ਹੀਆਂ ਫਿਰ ਕਾਲੀਆਂ ਘਟਾਵਾਂ ।
ਬਰਛਾਂ 'ਚੋਂ ਭੜਕ ਉਠੀ ਸੰਗਰਾਮ ਦੀ ਜਵਾਲਾ,
ਉੱਠ ਜਾਗ, ਸੜ ਨਾ ਜਾਏ ਕਿਧਰੋ ਤੇਰਾ ਹਿਮਾਲਾ ।
ਦਸ਼ਮੇਸ਼ ਜੀ ਨੇ ਲਾਈਆਂ ਜਿਥੇ ਸਮਾਧੀਆਂ ਨੇ,
ਉਸ ਹੇਮ ਕੁੰਝ ਉਤੇ ਛਾਈਆਂ ਉਪਾਧੀਆਂ ਨੇ ।
ਬਾਰੂਦ ਨਾਲ ਭਰੀਆਂ ਰਿਸ਼ੀਆਂ ਦੀਆਂ ਗੁਫਾਵਾਂ,
ਰੱਤ ਨਾਲ ਭਿੱਜੀਆਂ ਨੇ ਸ਼ਿਵਜੀ ਦੀਆਂ ਜਟਾਵਾਂ ।
ਪਾਰ ਦੇ ਮਹਿੰਦੀ ਰੰਗੇ ਜਿਥੇ ਸੀ ਪੈਰ ਲੱਗੇ,
ਅਜ ਉਨ੍ਹਾਂ ਚੋਟੀਆਂ ਤੇ ਰੱਤ ਦੀ ਨਦੀ ਪਈ ਵੱਗੇ ।
ਭਾਰਤ ਉੱਤੇ ਚੀਨ ਦੇ ਹਮਲੇ ਸਮੇਂ ਲਿਖੀ ਗਈ ਵੰਗਾਰ ।