

ਜੋ ਆਤਮਾਂ ਨੂੰ ਧੋਂਦਾ ਗੰਗੋਤਰੀ ਦਾ ਪਾਣੀ,
ਉਹਦੇ 'ਚ ਜ਼ਹਿਰ ਵਗਦਾ ਹੈ ਕੰਢਿਆਂ ਦੇ ਤਾਣੀ।
ਜਿਸ ਮਾਨਸਰ ਦੇ ਕੰਢੇ, ਮੋਤੀ ਚੁਗਣ ਪਰਿੰਦੇ,
ਕਹਿੰਦੇ ਮਨੁੱਖਤਾ ਨੂੰ ਓਥੇ ਪਏ ਦਰਿੰਦੇ ।
ਉਠ ਹਿੰਦ ਦੇ ਜਵਾਨਾਂ ਤੈਨੂੰ ਪੁਕਾਰਦਾ ਹਾਂ !
ਤੇਰੀ ਅਣਖ ਨੂੰ ਸ਼ੇਰਾ ਮੁੜ ਮੁੜ ਵੰਗਾਰਦਾ ਹਾਂ ।
ਪਰਤਾਪ ਦਾ ਸੁਪੱਤ੍ਰ ਦਸ਼ਮੇਸ਼ ਦਾ ਤੂੰ ਜਾਇਆ,
ਤੇਰੀ ਅਣਖ ਦੇ ਹਿੱਸੇ, ਕਿਤੇ ਹਾਰਨਾ ਨਹੀਂ ਆਇਆ।
ਅਰਜਨ ਦਾ ਖੂਨ ਹੈ ਤੂੰ, ਸੇਵਾ ਦੀ ਤੂੰ ਨਿਸ਼ਾਨੀ,
ਤੇਰੀਆਂ ਰਗਾਂ 'ਚ ਵੀਰਾ ਨਲਵੇ ਦੀ ਹੈ ਜਵਾਨੀ ।
ਗ਼ੈਰਤ ਦੇ ਪੁਤਲਿਆ ਓਏ ! ਝੱਖੜ ਜਿਹਾ ਝੁਲਾ ਦੇ,
ਪੱਥਰਾਂ ਨੂੰ ਚੂਰ ਕਰਦੇ, ਬਰਫ਼ਾਂ 'ਚ ਅੱਗ ਲਾ ਦੇ ।
ਕਾਇਰ ਦੀ ਪਹਿਲੀ ਗੋਲੀ, ਤੇਰੇ ਦੇਸ਼ ਨੂੰ ਜਗਾਇਆ,
ਇੱਕ ਇੱਕ ਲਹੂ ਦੀ ਬੂੰਦੋਂ ਲਸ਼ਕਰ ਹੋ ਨਿਕਲ ਆਇਆ ।
ਜਨਤਾ ਹੈ ਜਾਗ ਉੱਠੀ ਗਰਦਸ਼ ਵੀ ਭੋਂ ਗਈ ਏ,
ਬੁਜ਼ਦਿਲ ਦੀ ਜਾਪਦਾ ਏ ਤਕਦੀਰ ਸੋਂ ਗਈ ਏ ।
ਬੇਰਾਂ ਦੀ ਗਾਰ ਅੱਗੇ ਉਸ ਨੇ ਵਜਾਈ ਤਾਲੀ,
ਬਾਰੂਦ ਕੋਲ ਆ ਕੇ ਉਸ ਨੇ ਚਿਣਗ ਹੈ ਬਾਲੀ।
ਤੇਰੇ ਅਮਨ ਦਾ ਮਤਲਬ ਉਸ ਹੋਰ ਜਾਣਿਆ ਏਂ,
ਕਾਇਰ ਨੇ ਤੈਨੂੰ ਸ਼ੇਰਾ ਕਮਜ਼ੋਰ ਜਾਣਿਆਂ ਏਂ।
ਬਣਿਆਂ ਏ' ਸ਼ੇਰ ਮਰਦਾ ਤੇਰੀ ਅਣਖ ਦਾ ਤਕਾਜ਼ਾ,
ਤੇਰੇ ਮੋਢਿਆਂ ਤੇ ਉਨੇ ਅੱਜ ਓਸ ਦਾ ਜਨਾਜ਼ਾ ।
ਵੈਰੀ ਨੂੰ ਕਹਿ ਦੇ "ਫਿਰ ਤੂੰ ਗਲ ਮੌਤ ਦੇ ਜਾਂ ਪੈਂਦੋਂ,
ਮੂਰਖ ਤੂੰ ਪਹਿਲਾਂ ਆਪਣਾ ਖੱਛਣ ਸਵਾ ਤੇ ਲੈਂਦੇਂ।"