

ਮਾਂਗਾਂ ਦਾ ਸੰਧੂਰ ਵਾਰਿਆ, ਵਾਰ ਛੱਡੋ ਕਈ ਚਾਅ ਕੁਆਰੇ ।
ਸਿਰ ਵਾਰੇ ਪੱਗਾਂ ਦੀ ਖ਼ਾਤਰ, ਵਾਰੇ ਪੱਤ ਲਈ ਪੁਤ ਪਿਆਰੇ ।
ਦੇਸ਼ ਦੇ ਬੰਧਣ ਕੱਟਣ ਖਾਤਰ, ਗਲ ਪਾਇਆ ਫ਼ਾਂਸੀ ਦਾ ਰੱਸਾ ।
ਚੰਸਾ ਪੈਰਾ ਪੈਰਾ ਹੋਇਆ, ਐਪਰ ਇਸ਼ਕ ਨਾ ਹੋਇਆ ਮੱਠਾ ।
ਭੂਏ ਹੋਈਆਂ ਕਾਂਗਾਂ ਅੰਦਰ ਠੁੱਲ ਦਿੱਤੀ ਕਾਗ਼ਜ਼ ਦੀ ਬੇੜੀ !
ਲਖਾਂ ਪੰਛੀਆਂ ਆਲ੍ਹਣੇ ਛੱਡੇ, ਲੱਖਾਂ ਹੰਸਾਂ ਚੋਗ ਖਲੇਰੀ ।
ਦੇਸ਼ ਦੇ ਪਰਦੇ ਕੱਜਣ ਬਦਲੇ ਪਿੰਡ ਉਤੋਂ ਪੋਸ਼ ਲੁਹਾਇਆ।
ਪੁੱਤ ਧਿਆਇਆ ਮਰਦਾ ਡਿੱਠਾ, ਪਰ ਨਾ ਅੱਖੋਂ ਨੀਰ ਵਹਾਇਆ ।
ਮੌਲੀ ਵਾਰੀ, ਮਹਿੰਦੀ ਵਾਰੀ, ਹੁਸਨ ਜਵਾਨੀ ਸਦਕੇ ਕੀਤੇ।
ਸੋਹਲ ਹੱਥਾਂ ਵਿੱਚ ਛੰਨੇ ਫੜ ਕੇ ਜਾ ਛਪੜਾਂ ਦੇ ਕੰਘਲ ਪੀਤੇ ।
ਵਾਰ ਛੱਡੇ ਪਰਿਆਂ ਦੇ ਸਾਥੀ, ਵਾਰ ਛੱਡੇ ਬਚਪਨ ਦੇ ਹਾਣੀ।
ਫਿਰ ਵੀ ਹੱਸਦੇ ਹੱਸਦੇ ਬੋਲੇ ਲੈ ਚੱਲੇ ਜਦ ਕਾਲੇ ਪਾਣੀ ।
ਵਤਨ ਪਿਆਰਿਆ ਜਿਥੇ ਜਾਗੋ ਤੈਨੂੰ ਆਪਣਾ ਪਿਆਰ ਦਿਆਂਗੇ ।
ਸਭ ਕੁਝ ਵਾਰ ਕੇ ਜੋ ਕੁਝ ਬੱਚਿਆ ਉਹ ਵੀ ਤੈਥੋਂ ਵਾਰ ਦਿਆਂਗੇ ।
ਜਦੋਂ ਵਾਰਿਆ ਸਭ ਕੁਝ ਆਪਣਾ, ਬਦਲ ਗਈਆਂ ਜਿੱਤਾਂ ਵਿੱਚ ਹਾਰਾਂ।
ਦੇਸ਼ ਦਿਆਂ ਬਾਗਾਂ ਵਿੱਚ ਮੁੜ ਕੇ ਪਰਤ ਪਈਆ ਰੰਗੀਨ ਬਹਾਰਾਂ।
ਧਰਤੀ ਦੀ ਹਿੱਕੜੀ ਵਿਚੋਂ, ਫੁਟ ਪਏ ਪਰ ਚਾਅ ਪੁਰਾਣੇ।
ਸਦੀਆਂ ਤੋਂ ਛੁੱਟੜ ਦੀ ਗੰਦੀ ਖੇਡਣ ਲਗ ਪਏ ਬਾਲ ਨਿਆਣੇ ।
ਆਡਾਂ ਦੇ ਵਿੱਚ ਸਾਊ ਬਣ ਕੇ ਵੱਗ ਪਈਆਂ ਫਿਰ ਮਾਰੂ ਛੱਲਾਂ।
ਝੁੱਗੀਆਂ ਦੀ ਕੰਝੀ ਕੁੱਖ ਵਿਚੋਂ, ਜਨਮ ਲਿਆ ਫਿਰ ਤਾਜ ਮਹੱਲਾਂ ।
ਮਾਰੂ ਰਾਗ ਦੀਆਂ ਰੋਕਾਂ ਨੇ ਪਾਏ ਜਿੰਨ੍ਹੀ ਕੰਨੀਂ ਝੱਪੇ ।
ਉਨ੍ਹਾਂ ਕੰਨਾਂ ਦੇ ਵਿੱਚ ਗੂੰ ਜੇ, ਚਿਰ ਪਿਛੋਂ ਗਿੱਧਿਆਂ ਦੇ ਟੱਪੇ ।
ਫਿਰ ਗੋਰੀ ਦੀ ਰਾਂਗਲੀ ਅੱਡੀ ਝਾਂਜਰ ਵਿਚਲੇ ਬੋਰ ਜਗਾਏ ।
ਫਿਰ ਕਜਲੇ ਨੇ ਨੈਣਾਂ ਦੇ ਵਿੱਚ ਦੀਵੇ ਨਵੇਂ ਨਕੋਰ ਜਗਾਏ।
ਫਿਰ ਕੰਘੀਆਂ ਨੇ ਚੂੰ ਦੀਆਂ ਵੱਡ ਵੱਡ ਜ਼ੁਲਫਾਂ ਦੇ ਸੱਪ ਭੂਏ ਕੀਤੇ ।
ਫਿਰ ਲੌਂਗਾਂ ਲਿਸ਼ਕਾਰੇ ਮਾਰੇ ਫਿਰ ਮਹਿੰਦੀ ਨੇ ਲਾਏ ਪਲੀਤੇ ।