

ਆਜ਼ਾਦੀ ਦੀ ਨੀਂਹ ਚਾ ਰੱਖੀ,
ਗਭਰੂਆਂ ਆਪਣੀਆ ਹਿੱਕਾਂ ਉੱਤੇ ।
ਬੀਤ ਗਈ ਪਰ ਰਾਤ ਨਮਰਦੀ,
ਸੁਪਣੇ ਰਹਿ ਗਏ ਅਧ ਵਰਿੱਤੇ ।
ਸਾਮਰਾਜ ਦੀਆਂ ਮਾਰੂ ਤੇਗਾਂ
ਰੀਝਾਂ ਲਾਹ ਲਾਹ ਚੜ੍ਹੀਆਂ ਜਾਣੇ ।
ਇਜ ਬੰਦੂਕਾਂ ਬੰਦੇ ਭੁੰਨੇ
ਮਾਛਣ ਜੀਕੂੰ ਭੁੰਨਦੀ ਦਾਣੇ ।
ਭਾਰਤ ਦੀ ਧਰਤੀ ਦੀ ਹਿੱਕ ਤੇ,
ਭਾਰਤ ਦੀ ਰੱਤ ਏਨੀ ਡੁਲ੍ਹੀ ।
ਗੋਰੇ ਦੇ ਚਿੱਟੇ ਬੁਲ੍ਹਾਂ ਨੂੰ,
ਅਜ ਤੀਕ ਨਹੀਂ ਲਾਲੀ ਕੁਲੀ ।
ਵਾਹਣਾਂ ਦੇ ਵਿੱਚ ਲੱਥਾਂ ਰੁਲੀਆਂ,
ਰੁੱਖਾਂ ਦੇ ਉੱਤੇ ਸਿਰ ਟੰਗੇ।
ਬਾਦਸ਼ਾਂ ਦੀਆਂ ਹਿੱਕਾਂ ਉੱਤੇ,
ਛਾਲਾਂ ਲਾ ਲਾ ਕੁੱਤੇ ਲੰਘੇ ।
ਜਿਨ੍ਹਾਂ ਹੂਰਾਂ ਪਰੀਆਂ ਹੈਸਨ
ਪੈਰਾਂ ਹੇਠਾਂ ਪੱਟ ਵਛਾਏ ।
ਉਨ੍ਹਾਂ ਨੰਗੀਆਂ ਲੋਥਾਂ ਉੱਤੇ,
ਇੱਲਾਂ ਕਾਂਵਾਂ ਝੁਰਮਟ ਪਾਏ।
ਜਿਨ੍ਹਾਂ ਗੁੱਤਾਂ ਦੇ ਵਿੱਚ ਬੱਝੇ,
ਬਲੀ ਸ਼ਹਿਜ਼ਾਦੇ ਕਦੀ ਨਾ ਹੱਲੇ ।
ਉਹ ਵਿਸ ਭਰੀਆਂ ਜੁਲਫ਼ਾਂ ਖੁੱਲ੍ਹੀਆਂ,
ਰੁਲਦੀਆਂ ਡਿੱਠੀਆਂ ਪੈਰਾਂ ਥੱਲ ।
ਖੂਹ ਵਿੱਚ ਸੁੱਟ ਕੇ ਜਿਊਂਦੇ ਬੰਦੇ
ਪੰਡਾਂ ਮੂੰਹੀ ਮਿੱਟੀ ਪਾਈ।
ਗੋਰੇ ਨੇ ਅਖਲਾਕ ਆਪਣੇ ਦੀ,
ਅਜਨਾਲੇ ਵਿੱਚ ਕਬਰ ਬਣਾਈ।