

ਭੀੜਿਆਂ ਬੁਰਜਾਂ ਦੇ ਵਿੱਚ ਬੰਦੇ,
ਡੱਕ ਛੱਡੇ ਭੁੱਖੇ ਤਿਰਹਾਏ ।
ਪੱਛਮ ਦੀ ਇਨਸਾਨੀਅਤ ਨੂੰ,
ਕਿਵੇਂ ਭਲਾ ਇਨਸਾਨ ਭੁਲਾਏ।
ਸਾਮਰਾਜ ਨੇ ਪੀਂਘ ਜੁਲਮ ਦੀ,
ਏਨੀ ਲਾ ਕੇ ਟਿੱਲ ਚੜ੍ਹਾਈ,
ਕੰਬ ਗਏ ਅਰਸ਼ਾਂ ਦੇ ਤਾਰੇ,
ਡੋਲ ਗਈ ਮਜ਼ਲੂਮ ਖੁਦਾਈ ।
ਆਜ਼ਾਦੀ ਦੀ ਏਸ ਲਹਿਰ ਨੂੰ,
ਗ਼ਦਰ ਕਿਹਾ ਜਿਹਨਾਂ ਇਤਿਹਾਸਾਂ ।
ਦੇਸ਼ ਨਾਲ ਗੱਦਾਰੀ ਕੀਤੀ,
ਉਨ੍ਹਾਂ ਸਾਮਰਾਜ ਦਿਆਂ ਦਾਸਾਂ ।
ਆਜ਼ਾਦੀ ਦੀ ਲਹਿਰ ਪਵਿੱਤਰ,
ਇਹ ਟੋਰੀ ਸੀ ਇਨ੍ਹਾਂ ਸ਼ਹੀਦਾਂ ।
ਗ਼ਦਰ ਆਖ ਕੇ ਭੰਡਿਆ ਐਪਰ,
ਇਨੂੰ ਗੋਰੇ ਦਿਆਂ ਮੁਰੀਦਾਂ ।
ਰੱਤ ਚੋ ਚੋ ਜੋ ਬੂਟਾ ਲਾਇਆ ।
ਦੇਸ਼ ਦਿਆਂ ਵੀਰਾਂ ਸਰਦਾਰਾਂ ।
ਓਸੇ ਬੂਟੇ ਉਤੇ ਆਈਆਂ,
ਸਦੀਆਂ ਪਿੱਛੋਂ ਅਜ ਬਹਾਰਾਂ ।
ਭੁੱਲ ਨਹੀਂ ਸਕਦਾ ਕਦੇ ਅਸਾਨੂੰ
ਪਰਲੋ ਤੀਕਰ ਉਪਕਾਰ ਉਨ੍ਹਾਂ ਦਾ ।
ਸਾਡੇ ਸਿਰ ਮੱਥੇ ਦੇ ਉੱਤੇ,
ਨੱਚੇਗਾ ਸਤਿਕਾਰ ਉਨ੍ਹਾਂ ਦਾ ।
ਇਨ੍ਹਾਂ ਬੁਰਜਾਂ ਖੂਹਾਂ ਉਤੇ,
ਝੁਲਦਾ ਰਹੇਗਾ ਅਮਨ ਤਰੰਗਾ ।
ਸਾਮਰਾਜ ਨੂੰ ਮਾਨੁੱਖਤਾ ਤੋਂ
ਸਦਾ ਰਹੇਗੀ ਆਉਂਦੀ ਸੰਗਾ ।
ਇਨ੍ਹਾਂ ਸ਼ਹੀਦਾਂ ਦੇ ਸਿਰ ਸਦਕਾ,
ਅਸੀਂ ਬਣੇ ਹਾਂ ਅੱਜ ਸੁਭਾਗੇ ।
ਇਨ੍ਹਾਂ ਦੀ ਕੁਰਬਾਨੀ ਸਦਕਾ,
ਭਾਰਤ ਮੇਰਾ ਜੀਵੇ ਜਾਗੇ ।