


ਮੇਰੇ ਪੰਜਾਬ !
ਭਾਰਤ ਦੇ ਸੁਹਜ ਸੋਹਣੇ, ਪੰਜਾਬ ਦੇਸ਼ ਮੇਰੇ,
ਤੇਰੇ ਮੈਂ ਜ਼ੱਰਿਆਂ ਤੋਂ ਹੀਰੇ ਨਿਸਾਰ ਕਰਨਾਂ ।
ਕੁਰਬਾਨੀਆਂ ਦੇ ਸਮੇਂ, ਆਜ਼ਾਦੀਆਂ ਦੇ ਆਸ਼ਕ,
ਭਗਤਾਂ ਦੇ ਦੇਸ਼ ਤੈਨੂੰ ਮੈਂ ਨਮਸਕਾਰ ਕਰਨਾਂ ।
ਤੇਰੇ ਪਹੀਆਂ ਦੀ ਮਿੱਟੀ, ਮੂੰਹ ਤੇ ਜੋ ਉੱਡਦੀ ਏ,
ਚੰਨਾਂ ਮੈਂ ਉਹਨੂੰ ਚੰਨਣ ਦਾ ਬੂਰ ਸਮਝਦਾ ਹਾਂ।
ਸਿੱਜਦੇ ਕਰਾਂ ਮੈਂ ਨਿਉਂ ਨਿਉ, ਤੇਰੇ ਪਰਬਤਾਂ ਨੂੰ,
ਤੇਰਾ ਮੈਂ ਹਰ ਜ਼ੱਰਾ ਕੰਹ ਨੂਰ ਸਮਝਦਾ ਹਾਂ ।
ਨਦੀਆਂ ਦਾ ਨੀਰ ਤੇਰਾ, ਲੋਕਾਂ ਲਈ ਹੈ ਪਾਣੀ,
ਉਹਦੇ 'ਚੋਂ ਮੈਨੂੰ ਐਪਰ ਆਬੇ ਹਿਯਾਤ ਮਿਲਦੈ ।
ਚਾਕਰ ਸਮਝ ਕੇ ਪੂਜਾਂ ਤੇਰੇ ਮੈਂ ਪੱਥਰਾਂ ਨੂੰ,
ਉਹਨਾਂ ਦੇ ਵਿੱਚ ਮੈਨੂੰ ਰੱਬ ਸਾਖਿਆਤ ਮਿਲਦੈ ।
ਤੇਰੇ ਬਨਾਂ ਦੇ ਅੰਦਰ ਰੂਹਾਨੀਅਤ ਦੀ ਵੱਸੋਂ,
ਇਖਲਾਕ ਤੇਰੀ ਜੂਹ ਵਿਚ, ਪਲ ਕੇ ਜਵਾਨ ਹੋਇਆ।
ਸ਼ੇਰਾਂ ਤੇ ਹਰਨੀਆਂ ਨੇ ਏਥੇ ਪਿਆਰ ਵੇਖੇ,
ਬਾਜ਼ਾਂ ਨੂੰ ਘੁਗੀਆਂ ਤੋਂ ਏਥੇ ਗਿਆਨ ਹੋਇਆ।