

ਉੱਚਾ ਬਣਾਵਟਾਂ ਤੋਂ ਪਿੰਡਾਂ ਦਾ ਹੁਸਨ ਤੇਰਾ,
ਦੇਂਦੀ ਏ ਆਪ ਕੁਦਰਤ ਇਸ ਨੂੰ ਸ਼ੰਗਾਰ ਏਥੇ ।
ਜਦ ਬਾਜਰੇ 'ਚੋਂ ਜੱਟੀ ਤੋਤੇ ਉਡਾਵੰਦੀ ਏ,
ਡਿੱਗਦੇ ਨੇ ਕਈ ਪੰਛੀ ਕਈ ਆਮੁਹਾਰ ਏਥੇ ।
ਕੋਇਲਾਂ ਦਾ ਗੀਤ ਬਿੜਕੇ, ਤਾਲੋਂ ਹੈ ਖੁੰਝ ਜਾਂਦੀ,
ਜਦ ਤਿੰ ਜਣਾਂ 'ਚ ਕੋਈ ਮੁਟਿਆਰ ਗਾਵੰਦੀ ਏ ।
ਬਿਜਲੀ ਹੈ ਤੜਪ ਉਠਦੀ, ਬੱਦਲਾਂ ਦੇ ਪਰਦਿਆਂ ਵਿਚ,
ਜਦ ਪੀਂਘ ਕਈ ਅਲੜ੍ਹ, ਨੱਥ ਪਾ ਚੜ੍ਹਾਵੰਦੀ ਏ ।
ਪਨਿਹਾਰਨਾਂ ਦੇ ਟੋਲੇ, ਧਰ ਕੇ ਘੜੇ ਸਿਰਾਂ ਤੇ,
ਜਦ ਪੱਤਣਾਂ ਦੇ ਲਾਗੇ ਭੜਕੀ ਖਲੇਰਦੇ ਨੇ।
ਸਾਰੇ ਜਹਾਨ ਦੀ ਤਦ, ਹੈ ਤਹ ਭੜਕ ਉਠਦੀ,
ਬੱਦਲ ਵੀ ਤੱਕ ਕੇ ਬੁੱਲ੍ਹਾਂ ਤੇ ਜੀਭ ਫੇਰਦੇ ਨੇ ।
ਓ ਛਣਕਦੀ ਮਧਾਣੀ, ਓ ਚਰਖਿਆਂ ਦੀ ਘੂੰ ਘੂੰ,
ਰਲਵਾਂ ਇਹ ਰਾਗ ਭਗਤਾਂ ਦਾ ਚਿੱਤ ਠਗਦਾ ਏ ।
ਓ ਖੋਲਿਆਂ 'ਚ ਬੈਠੇ ਰਾਖੋ ਹਕੂਮਤਾਂ ਦੇ !
ਉਨਾਂ ਰੂੜੀਆਂ ਤੇ ਢੇਰਾਂ ਵਿੱਚ ਰਿਜ਼ਕ ਜੱਗ ਦਾ ਏ।
ਪਰਭਾਤ ਦੇ ਸਮੇਂ ਜਾਂ ਇਸ਼ਨਾਨ ਭਗਤ ਕਰਦੇ ।
ਕੋਈ ਚੱਕੀਆਂ ਤੇ ਬਹਿ ਕੇ ਇਹ ਗੀਤ ਗਾਵੰਦਾ ਏ ।
ਜੀਵੇ ਪੰਜਾਬ ਰਾਜਾ, ਦੁਨੀਆਂ ਦਾ ਅੰਨ-ਦਾਤਾ,
ਇਹ ਪੱਥਰਾਂ ਦੇ ਮੂੰਹ ਵਿੱਚ ਵੀ ਰਿਜ਼ਕ ਪਾਵੰਦਾ ਏ ।
ਚੌਣੇ ਚਰਾ ਕੇ ਸ਼ਾਮੀਂ, ਜਦ ਪਰਤਦੇ ਨੇ ਵਾਗੀ,
ਮਾਹੀਏ ਉਡੀਕਦੇ ਨੂੰ ਮਾਹੀਆ ਸੁਣਾਵੰਦੇ ਨੇ ।
ਕਈਆਂ ਸਲੇਟੀਆਂ ਦੀ ਚੂਰੀ ਹੈ ਡੁੱਲ੍ਹ ਪੈਂਦੀ,
ਕਈਆਂ ਰੰਝੋਟਿਆਂ ਦੇ ਦਿਲ ਪਾਟ ਜਾਵੰਦੇ ਨੇ ।
ਓ ਬੋਟੀਆਂ ਦੇ ਬੂਥੇ, ਦੁਧੀ ਭਰੇ ਹਵਾਨੇ,
ਜਿਹੜੇ ਕਦੀ ਨਹੀਂ ਆਏ ਮਿਣਤਰ ਹਿਸਾਬ ਅੰਦਰ ।
ਜੰਨਤ 'ਚ ਰਹਿਣ ਵਾਲੇ ਤਕ ਤਕ ਕੇ ਆਖਦੇ ਨੇ,
"ਪੀਣਾ ਹੈ ਦੁੱਧ ਜੇਕਰ ਚੱਲੋ ਪੰਜਾਬ ਅੰਦਰ ।"