

ਭਲਾ ਏਸ ਦਿਹਾੜੇ ਦੀ ਭਾਲ ਅੰਦਰ,
ਅਸੀਂ ਕਿਹੜੀਆਂ ਮਿੱਟੀਆਂ ਛਾਣੀਆਂ ਨਹੀਂ
ਕਿਥੋਂ ਟੁਰੇ ਤੇ ਕਿਸ ਤਰ੍ਹਾਂ ਅਪੜੇ ਸਾਂ,
ਇਹ ਕੋਈ ਛੋਟੀਆਂ ਦਰਦ ਕਹਾਣੀਆਂ ਨਹੀਂ।
ਇਹਦਾ ਚਾਨਣਾ ਲਭਦਿਆਂ, ਝਖੜਾਂ 'ਚੋਂ,
ਜੋਤਾਂ ਕਈ ਨਰੋਤਮੀ ਬੁਝ ਗਈਆਂ।
ਇਹਦੀ ਡਾਚੀ ਦੇ ਖੁਰੇ ਦੀ ਭਾਲ ਪਿਛੇ,
ਲੱਖਾਂ ਸੱਸੀਆਂ ਥਲ ਵਿੱਚ ਭੁੱਜ ਗਈਆਂ।
ਜੇਹਲਾਂ ਵਿੱਚ ਬਹਿ ਬਹਿ ਲੱਖਾਂ ਤਪ ਕੀਤੇ,
ਪਰ ਇਹ ਦੇਵਤਾ ਕਿਸੇ ਤੇ ਵਿੱਸਿਆ ਨਾਂਹ ।
ਕਈਆਂ ਆਪਣੀ ਚਿਖਾ ਦੀ ਲੋ ਕੀਤੀ,
ਪਰ ਇਹ ਚਾਨਣਾ ਫੇਰ ਵੀ ਦਿੱਸਿਆ ਨਾਂਹ ।
ਕੁੱਕੜ ਰਹੇ ਬਾਂਗਾਂ ਦੇ'ਦੇ, ਕਿਸੇ ਐਪਰ,
ਕਲਮਾ ਨਹੀਂ ਆਜ਼ਾਦੀ ਦਾ ਪੜ੍ਹਣ ਦਿੱਤਾ,
ਜਿਹਦੇ ਰਾਜ 'ਚ ਸੂਰਜ ਨਾ ਡੁੱਬਦਾ ਸੀ,
ਦਿਨ ਨਾ ਓਸ ਆਜ਼ਾਦੀ ਦਾ ਚੜ੍ਹਣ ਦਿੱਤਾ ।
ਵੇਖਣ ਲਈ ਇਸ ਸੂਰਜ ਦੀ ਕਿਰਨ ਪਹਿਲੀ,
ਅਰਸ਼ ਫਰਸ਼ ਨੇ ਬਾਹਵਾਂ ਉਲਾਰ ਛੱਡੀਆਂ।
ਏਸ ਇੱਕ ਦਿਹਾੜੇ ਦੀ ਦੀਦ ਬਦਲੇ,
ਰੋ ਰੋ ਕੌਮ ਨੇ ਸਦੀਆਂ ਗੁਜ਼ਾਰ ਛੱਡੀਆਂ।
ਬੁੱਕਲ ਸਰਘੀਆਂ ਦੀ ਰੋਜ਼ ਫੋਲਦੇ ਰਹੇ,
(ਪਰ) ਕਿਸੇ ਤਾਰਾ ਤਕਦੀਰ ਦਾ ਡਕ ਛਡਿਆ,
ਲਹਿੰਦੇ ਵਾਲਿਆਂ ਨੇ ਚੜਦੇ ਵਾਲਿਆਂ ਦਾ,
ਸਦੀਆਂ ਤਕ ਚੜ੍ਹਦਾ ਸੂਰਜ ਡੱਕ ਛੱਡਿਆ ।
ਸੱਤਾਂ ਵਾਰਾਂ ਤੇ ਬਾਰਾਂ ਮਹੀਨਿਆਂ ਦੇ,
ਅੱਖਾਂ ਨਾਲ ਮੁਹਾਂਦਰੇ ਤੋਲ ਸੁੱਟੇ ।
ਏਸ ਬਿਤ ਲਈ ਪਾਂਧੇ ਦੀ ਪੱਤਰੀ ਤੋਂ,
ਘੋਖ ਘੋਖ ਕੇ ਪੱਤਰੇ ਫੁੱਲ ਸੁੱਟੇ ।