Back ArrowLogo
Info
Profile

ਆਈਆਂ ਪੁੰਨਿਆਂ, ਚਾਨਣੇ ਲੱਖ ਲੰਘੇ,

ਪਰ ਹਨੇਰਾ ਗੁਲਾਮੀ ਦਾ ਮੁੱਕਿਆ ਨਾ ।

ਕਈ ਵਾਰ ਪਤਝੜਾਂ ਨੇ ਬੂਰ ਝੰਬੇ,

(ਪਰ) ਪਰਾਧੀਨਤਾ ਦਾ ਬਿਰਛ ਸੁੱਕਿਆ ਨਾ ।

ਕਈਆ ਰਾਂਝਿਆਂ ਇਹਦੇ ਲਈ ਜਗ ਧਾਰੇ,

ਕਈਆਂ ਸ਼ਾਹਾਂ ਨੇ ਪੁਤ ਫ਼ਕੀਰ ਕਰ ਲਏ ।

ਲੱਕੀਂ ਬੰਨ੍ਹ ਲੰਗੋਟੀਆਂ ਬਣੇ ਸਾਧੂ,

ਲੀੜ ਛੱਡ ਜੁਸੇ ਲੀਰੋ ਲੀਰ ਕਰ ਲਏ ।

ਕਈਆਂ ਲਾੜੀਆਂ ਦੀ ਮਹਿੰਦੀ ਘੁਲੀ ਰਹਿ ਗਈ,

ਗਾਨੇ ਤੋੜ ਲਏ, ਮੌਲੀਆਂ ਵੱਢ ਆਏ।

ਸਾਹਿਆ ਹੀਰ ਆਜ਼ਾਦੀ ਦੀ ਮਿਥਨ ਖ਼ਾਤਰ,

ਲਾਂਵਾਂ ਅੱਧ ਵਰਤੀਆਂ ਛੱਡ ਆਏ।

ਰਾਹ ਵੀਰਾਂ ਦੇ ਵਿਹੰਦੀਆਂ ਕਈ ਭੈਣਾਂ,

ਅਜੇ ਤੀਕ ਖਲੋ ਦਹਿਲੀਜ਼ ਉੱਤੇ,

ਅਜੇ ਤੀਕ ਵੀ ਅਥਰੂ ਕੇਰ ਰਹੀਆਂ,

ਆਪਣੇ ਦਾਜ ਦੀ ਸੁੱਚੀ ਕਮੀਜ਼ ਉੱਤੇ ।

ਕਈ ਵਹੁਟੀਆਂ ਖਲੀਆਂ ਬਨੇਰਿਆਂ ਤੇ,

ਪਾਣ ਔਂਸੀਆਂ, ਕਿਸੇ ਉਡੀਕ ਪਿਛੋ ।

ਖੋਰੇ ਅਜ ਦੇ ਦਿਨ ਹੀ ਆ ਜਾਵੇ,

ਘਰੋਂ ਗਿਆ ਸੀ ਏਸੇ ਤਰੀਕ ਪਿਛੇ ।

ਜਿਉਂ ਜਿਉਂ ਰਹੇ ਵਿਹੰਦੇ ਪੱਬਾਂ ਭਾਰ ਹੋ ਕੇ,

ਰਿਸ਼ਮਾਂ ਏਸ ਸੂਰਜ ਮਹਾਰਾਜ ਦੀਆਂ।

ਤਿਉਂ ਤਿਉਂ ਉੱਚੀਆਂ ਹੁੰਦੀਆਂ ਹੋਰ ਗਈਆਂ,

ਕੰਧਾਂ ਏਸ ਖੂਨੀ ਸਾਮਰਾਜ ਦੀਆਂ।

ਦੱਬੀ ਰਖਿਆ ਚਿਰਾਂ ਤੀਕ ਇਹ ਸੂਰਜ,

ਉਹਨਾਂ ਤੋਪਾਂ ਤੇ ਬੰਬਾਂ ਦੇ ਧੂੰ ਥੱਲੇ ।

ਕਿਥੋਂ ਤੀਕ ਪਰ ਭਲਾ ਛੁਪਾ ਸਕਦੈ,

ਕੋਈ ਭੜਕਦੀ ਅੱਗ ਨੂੰ ਰੂੰ ਥੱਲੇ ।

89 / 99
Previous
Next