ਪੰਜਾਬੀਆਂ ਦਾ ਨਾਪ
ਜਣਿਆਂ ਵਾਂਗ ਜੀਣਾਂ, ਮਰਦਾਂ ਵਾਂਗ ਮਰਨਾਂ,
ਇਹ ਹੈ ਜਗ ਤੇ ਨਾਪ ਪੰਜਾਬੀਆਂ ਦਾ।
ਜੋਧਾ ਉਹ ਜੋ ਮਰੇ ਮੈਦਾਨ ਅੰਦਰ,
ਰਿਹਾ ਮੁੱਢ ਤੋਂ ਜਾਪ ਪੰਜਾਬੀਆਂ ਦਾ।
ਜਦ ਤਕ ਜ਼ੁਲਮ ਦੀ ਮੜ੍ਹੀ ਨਾ ਹੋਏ ਠੰਡੀ,
ਲਾਹਿੰਦਾ ਕਦੇ ਨਹੀਂ ਤਾਪ ਪੰਜਾਬੀਆਂ ਦਾ ।
ਓਸ ਕੌਮ ਦੇ ਸੜ ਗਏ ਨਸੀਬ ਜਿਹਨੂੰ,
ਮਿਲਿਆ ਕਦੇ ਸਰਾਪ ਪੰਜਾਬੀਆਂ ਦਾ ।
ਇਹ ਪੰਜਾਬ ਹੈ, ਦੇਸ਼ ਪਰਵਾਨਿਆਂ ਦਾ,
ਸੂਰਮਤਾਈ ਨੂੰ ਜਿਦੇ ਤੇ ਮਾਣ ਹੋਇਆ।
ਹੱਦਾਂ ਉੱਤੇ ਪੰਜਾਬ ਦੀ ਰੱਤ ਡੁਲ੍ਹੀ,
ਸੁਰਖਰੂ ਸਾਰਾ ਹਿੰਦੁਸਤਾਨ ਹੋਇਆ ।