

ਬਾਗ਼ ਮੇਰੇ ਦੀ ਜੂਹ ਵਿੱਚ ਕੋਈ ਜ਼ਹਿਰੀ ਅੱਖਰ ਘੋਲ ਗਿਆ ਏ,
ਰੋ ਰੋ ਮਿਲਦੀ ਟਹਿਣੀ ਟਹਿਣੀ, ਪੱਤਾ ਪੱਤਾ ਡੱਲ ਗਿਆ ਏ ।
-ਭੂਸ਼ਨ 'ਧਿਆਨਪੁਰੀ'
ਤੈਨੂੰ ਲੋਕੀਂ ਵਾਰਸ ਕਹਿੰਦੇ, ਤੂੰ ਕਰ ਗਿਉਂ ਲਾ ਵਾਰਸ ।
ਮਣਾਂ ਮੂੰ ਹੀ ਰੋਂਦੀ ਇਸ ਮਾਂ ਨੂੰ, ਕੌਣ ਬਨ੍ਹਾਵੇ ਢਾਰਸ ।
-ਗੁਰਨਾਮ ਸਿੰਘ 'ਤੀਰ
ਖੇਤਾਂ ਵਿੱਚ ਛਾਈ ਹਰਿਆਲੀ, ਜੇ ਚੁੱਕੀ ਕਲਮ ਕਿਸਾਨ ਲਈ।
ਵੈਰੀ ਦੇ ਸਿਰ ਦਾ ਕਾਲ ਬਣੀ ਜੋ ਕਵਿਤਾ ਲਿਖੀ ਜਵਾਨ ਲਈ।
ਜੇ ਛੋਹੇ ਗੀਤ ਪਿਆਰਾਂ ਦੇ ਧੜਕਣ ਜਾਗੀ, ਦਿਲ ਮਚਲ ਉੱਠੇ,
ਜੋ ਰਚਨਾਂ ਰਚੀ ਬਲੱਗਣ ਨੇ ਹਰ ਰਚਨਾ ਹੈ ਇਨਸਾਨ ਲਈ।
-ਹਰਚਰਨ ਸਿੰਘ 'ਪਰਵਾਨਾ'
ਮੁੜ ਚੇਤਿਆਂ ਦੇ ਵਿੱਚ ਬਲੱਗਣ ਜੇ ਦੋਸਤ !
ਮੁੜ ਉਹ ਪਿਛਲੀ ਰਾਤ ਦੀ ਕਣ ਮਣ ਜੇ ਦੋਸਤੋ !
-ਗੁਲਾਮ ਯਾਕੂਬ 'ਅਨਵਰ' (ਪਾਕਿਸਤਾਨ)
ਸਾਂਝਾ ਜ਼ਖ਼ਮ ਇਸ ਵੰਡ ਅਜਿਹਾ ਲਾਇਆ,
ਜਿਦ੍ਹਾ ਹਿੱਸਣਾ ਦੁਵੱਲੇ ਨਾ ਡੱਕ ਸੱਕੇ ।
ਮੋਇਆ 'ਸ਼ਰਫ਼' ਨਾ ਵੇਖਿਆ ਤੁਸੀਂ 'ਸਾਬਰ’
ਤੇ ਨਾ ਅਸੀਂ ਬਲੱਗਣ ਨੂੰ ਤੱਕ ਸੱਕੇ ।
-ਅੱਲਾ ਦਿੱਤਾ 'ਸਾਬਰ' (ਪਾਕਿਸਤਾਨ)
ਅਖੀਆਂ ਦਾ ਪਾਣੀ ਪਾ ਪਾ ਕੇ, ਧੋਤਾ ਇਸ ਮਾਂ ਦੇ ਚਰਨਾਂ ਨੂੰ,
ਕਵਿਤਾ ਤੋਂ ਬਲੱਗਣ ਬਣਿਆ ਸੀ, ਇਹ ਬਣੀ ਸ਼ਿੰਗਾਰ ਬਲੱਗਣ ਦਾ ।
ਕੋਈ ਸ਼ਾਇਰ ਕਹੋ, ਅਦੀਬ ਆਖੇ, ਕੋਈ ਭਗਤ ਕਹੇ, ਫਨਕਾਰ ਕਹੇ,
ਕੋਈ ਉੱਚੀ ਸ਼ੈ ਸੀ, ਤਾਂਹੀਂ ਤਾਂ ਰੋਵੇ ਪਰਵਾਰ ਬਲੱਗਣ ਦਾ ।
-ਸਾਈਂ ਹਯਾਤ ਪਸਰੂਰ (ਪਾਕਿਸਤਾਨ)
ਤੇਰੀ ਮੌਤ ਦੀ ਸੁਣੀ ਜਾਂ ਖਬਰ, ਯਾਰਾ,
ਢਾਹਾਂ ਮਾਰ ਕੇ ਹਰ ਅਹਿਬਾਬ ਰੋਇਆ ।
ਤੇਰੇ ਦੁਖਾਂ ਨੂੰ ਰਾਬਣਾਂ ਲਾ ਸੀਨੇ,
ਵਾਰਸ ਠੱਪ ਕੇ ਹੀਰ ਕਿਤਾਬ ਰੋਇਆ।