ਜਾਹ ਨੀ ਪਿੱਛਲ ਪੈਰੀਏ ਸਾਹਿਬਾਂ। ਮਾਣ ਵਧਾਇਆ ਈ ਵੀਰਾਂ ਦਾ
ਮੈਂ ਖ਼ਮਿਆਜ਼ਾ ਭੁਗਤ ਰਹੀ ਆਂ ਤੇਰੇ ਤੋੜੇ ਤੀਰਾਂ ਦਾ
ਕੱਲ੍ਹ ਮੈਂ ਨਕਸ਼ਾ ਵੇਖ ਰਹੀ ਸਾਂ ਹੱਥਾਂ ਵਿੱਚ ਲਕੀਰਾਂ ਦਾ
ਇੰਝ ਈ ਸਮਝੋ ਜਿੱਸਰਾਂ ਗੁੱਛਾ ਕਿੱਕਰ ਟੰਗੀਆਂ ਲੀਰਾਂ ਦਾ
ਸ਼ਕਲਾਂ ਉੱਤੇ ਸ਼ਕਲਾਂ ਚੜ੍ਹੀਆਂ, ਜੋ ਦਿਸਦਾ ਏ ਹੁੰਦਾ ਨਹੀਂ
ਮੈਨੂੰ ਪੁੱਛੋ ਵੇਖ ਰਹੀ ਆਂ ਦੂਜਾ ਰੁਖ਼ ਤਸਵੀਰਾਂ ਦਾ
ਆਪਣੇ ਅਮਲੀਂ ਆਪੇ ਮਰਦੇ, ਕਰਨੀ ਭਰਨੀ ਹੁੰਦੀ ਏ
ਕਮਲੇ, ਝੱਲੇ, ਭੋਲੇ ਲੋਕੀਂ ਨਾਂਅ ਲਾਉਂਦੇ ਤਕਦੀਰਾਂ ਦਾ
ਆਪਣੇ ਦਰ ਦੀ ਬਾਂਦੀ ਸਮਝੇਂ, ਮੰਗਤੀ ਸਮਝੇਂ, ਸਮਝੀ ਜਾ
ਇਹ ਵੀ ਸੋਚ ਕਿ ਹੱਥ ਹੁੰਦਾ ਏ ਮਹਿਲਾਂ ਹੇਠ ਫ਼ਕੀਰਾਂ ਦਾ
ਰਾਂਝੇ ਤਖ਼ਤ ਹਜ਼ਾਰੇ ਬੈਠੇ, ਝੰਗ ਮਘਿਆਣੇ ਕੈਦੋਂ ਨੇ
ਖੇੜੇ ਜੰਝਾਂ ਚਾੜ੍ਹੀ ਜਾਵਣ ਅੱਲ੍ਹਾ ਈ ਵਾਰਿਸ ਹੀਰਾਂ ਦਾ
'ਤਾਹਿਰਾ' ਮੈਂ ਤੇ ਲਿਖ ਛੱਡਨੀ ਆਂ ਰਾਮ ਕਹਾਣੀ ਵੇਲੇ ਦੀ
ਭਾਵੇਂ ਅੱਖਾਂ ਲੂਸਣ ਪਈਆਂ ਤੱਕ-ਤੱਕ ਮੂੰਹ ਤਹਿਰੀਰਾਂ ਦਾ