

ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜੀਵਨ ਦੇ ਅਰੰਭ ਵਿਚ ਤੋਪਾਂ ਦੀ ਲੋੜ ਨੂੰ ਬੜਾ ਹੀ ਜ਼ਰੂਰੀ ਸਮਝ ਲਿਆ ਸੀ। ਉਸ ਦੇ ਦਿਲ ਵਿਚ ਤੋਪਾਂ ਦੀ ਬੜੀ ਕਦਰ ਸੀ, ਉਹ ਆਉਣ ਵਾਲੇ ਸਮੇਂ ਲਈ ਤੋਪਾਂ ਨੂੰ ਹੀ ਸਫਲਤਾ ਦਾ ਮੁਖ ਹਥਿਆਰ ਸਮਝਦਾ ਸੀ ।
ਜਦ ਪੈਦਲ ਪਲਟਨ ਤੇ ਰਸਾਲੇ ਤਿਆਰ ਹੋ ਗਏ ਤਾਂ ਸ਼ੇਰਿ ਪੰਜਾਬ ਨੇ ਆਪਣਾ ਸਾਰਾ ਧਿਆਨ ਤੇਪਖਾਨਿਆਂ ਦੀ ਤਿਆਰੀ ਵਲ ਲਾ ਦਿੱਤਾ । ਖਾਲਸਾ ਦਰਬਾਰ ਦੀਆਂ ਲਿਖਤਾਂ ਨੂੰ ਵਾਚਿਆਂ ਮਾਲੂਮ ਹੁੰਦਾ ਹੈ ਕਿ ਪਹਿਲੇ ਪਹਿਲ ਸਿੰਘ ਬਹੁਤ ਘੱਟ ਤੋਪਖਾਨਿਆਂ ਵਿਚ ਭਰਤੀ ਹੋਏ । ਇਸ ਕੰਮ ਨੂੰ ਵਧੇਰਾ ਹਿੰਦੁਸਤਾਨੀ ਮੁਸਲਮਾਨ ਚਲਾਂਦੇ ਰਹੇ । ਸੰਨ 1814 ਈ: ਦੇ ਪਿਛੋਂ ਅਸੀਂ ਸਿੰਘਾਂ ਨੂੰ ਫੌਜ ਦੇ ਇਸ ਭਾਗ ਵਿਚ ਦੇਖਦੇ ਹਾਂ ਪਰ ਵੱਡੀ ਹੈਰਾਨਗੀ ਦੀ ਗੱਲ ਇਹ ਹੈ ਕਿ ਤੋਪਖਾਨੇ ਦੇ ਕੰਮ ਨੂੰ ਖਾਲਸੇ ਨੇ ਆਪਣੇ ਹੱਥ ਵਿਚ ਲੈਂਦਿਆਂ ਹੀ ਇਸ ਵਿਚ ਉਹਨਾਂ ਨੇ ਉਹ ਕਮਾਲ ਪ੍ਰਾਪਤ ਕੀਤਾ ਕਿ ਸੰਸਾਰ ਪਹ ਮਹਾਰਾਜੇ ਦੇ ਤੋਪਖਾਨਿਆਂ ਦੀ ਧਾਂਕ ਬੈਠ ਗਈ ।
ਪਹਿਲਾਂ ਹਰ ਇਕ ਪਲਟਨ ਨਾਲ ਦੇ ਤੋਪਾਂ ਸਣੇ ਸਮਿਆਨ ਦੇ ਹੁੰਦੀਆਂ ਸਨ, ਪਰ ਥੋੜੇ ਸਾਲਾਂ ਦੇ ਪਿਛੋਂ ਤੋਪਖਾਨਾ ਫੌਜ ਦੇ ਵੱਖ ਡੇਰੇ, ਬੇੜੇ ਤਿਆਰ ਕੀਤੇ ਗਏ ਜੋ ਚਵਾਂ ਭਾਗਾਂ ਵਿਚ ਵੰਡੇ ਹੋਏ ਸਨ :-
(1) ਤੋਪਖਾਨਾ ਅਸਪੀ ਜਿਸ ਨੂੰ ਘੋੜੇ ਖਿਚਦੇ ਹਨ ।
(2) ਤੋਪਖਾਨਾ ਗਾਵੀ, ਜਿਸ ਨੂੰ ਬੈਲ ਖਿਚਦੇ ਹਨ ।
(3) ਤੋਪਖਾਨਾ ਸ਼ੁਤਰੀ, ਹਲਕੀਆਂ ਤੋਪਾਂ ਉਠਾਂ ਤੋਂ ਲੱਦੀਆਂ ਜਾਂਦੀਆਂ ਸਨ।
(4) ਤੋਪਖਾਨਾ ਫੀਲਬਾਤਰੀ, ਇਸ ਵਿਚ ਭਾਰੀਆਂ ਜਿਨਸੀ ਤੋਪਾ ਹੁੰਦੀਆਂ ਸਨ । ਇਕ ਤੋਪ ਦੇ ਅੱਗੇ ਦੋ ਹਾਥੀ ਅਗੜ ਪਿਛੜ ਜੋਏ ਜਾਂਦੇ ਸਨ, ਅਤੇ ਪਹਾੜੀ ਬਿਖੜੇ ਰਸਤਿਆਂ ਉਪਰ ਚੜ੍ਹਨ ਲਈ ਇਕ ਤੀਜਾ ਹਾਥੀ ਆਪਣਾ ਸਿਰ ਤੋਪ ਦੇ ਪਿਛੇ ਡਾਹ ਕੇ ਦਬਦਾ ਹੁੰਦਾ ਸੀ । ਕਦੀ ਕਦੀ ਤੇਪਾਂ ਹਾਥੀਆਂ ਦੀ ਪਿੱਠ ਤੇ ਵੀ ਲੱਦੀਆਂ ਜਾਂਦੀਆਂ ਸਨ । ਪਹਾੜੀ ਇਲਾਕਿਆ ਤੇ ਕਠਨ ਘਾਟੀਆਂ ਵਿਚ ਹਾਥੀਆਂ ਦਾ ਤੋਪਖਾਨਾ ਬੜਾ ਲਾਭਦਾਇਕ ਸਿੱਧ ਹੋਇਆ ਸੀ, ਪਰ ਇਹ ਗੱਲ ਬੜੀ ਹੈਰਾਨ ਕਰ ਦੇਣ ਵਾਲੀ ਹੈ ਕਿ ਮਹਾਰਾਜਾ ਦੇ ਹਾਥੀਆਂ ਦੇ ਤੋਪਖਾਨੇ ਦਾ ਬਹੁਤ ਘੱਟ ਜਿਕਰ ਲੇਖਕਾਂ ਨੇ ਲਿਖਿਆ ਹੈ, ਹਾਲਾਂ ਕਿ ਸ਼ੇਰਿ ਪੰਜਾਬ ਦੇ ਸਮੇਂ ਤੋਂ ਲੈ ਕੇ ਖਾਲਸਾ ਰਾਜ ਦੇ ਛੇਕੜਲੇ ਦਿਨਾਂ ਤਕ ਹਾਥੀਆਂ ਦੇ ਤੋਪਖਾਨਿਆਂ ਦੀ ਰਾਹੀਂ ਭਾਰੀਆਂ ਸਫਲਤਾਈਆਂ ਪ੍ਰਾਪਤ ਕੀਤੀਆਂ ਗਈਆਂ, ਪਰ ਇਨ੍ਹਾਂ ਦਾ ਹਾਲ ਬਹੁਤ ਘੋਟ ਲਿਖਤ ਵਿਚ ਮਿਲਦਾ ਹੈ । ਸਭ ਤੋਂ ਪਹਿਲੀ ਲਿਖਤ ਜੋ ਹਾਥੀਆਂ ਦੇ ਤੋਪਖਾਨੇ ਸਬੰਧੀ ਮਿਲਦੀ ਹੈ, ਉਹ ਇਹ ਹੈ ਕਿ ਸੰਨ 1819 ਈ: ਵਿਚ ਮਹਾਰਾਜਾ ਸਾਹਿਬ ਨੇ ਜਦ ਕਸ਼ਮੀਰ ਪਰ ਚੜ੍ਹਾਈ ਕੀਤੀ ਤਾਂ ਇਸ ਸਮੇਂ ਪਹਾੜਾਂ ਦੀਆਂ ਚੋਟੀਆਂ ਉਪਰ ਹਾਥੀਆਂ ਪਰ ਤੋਪਾਂ ਪਹੁੰਚਾਈਆਂ ਗਈਆਂ। ਕਿਲ੍ਹਾ ਅਜ਼ੀਮ ਗੜ੍ਹ। (ਇਕ ਉਚੀ ਪਹਾੜੀ ਦੀ ਚੋਟੀ ਪਰ ਸੀ, ਜਿਸ ਦੇ ਫਤਹ ਕਰਨ ਲਈ ਹਾਥੀਆਂ ਦੇ ਰਾਹੀਂ ਤੋਪਾਂ ਪਹੁੰਚਾਈਆਂ ਗਈਆਂ ਤੇ ਇਹਨਾਂ ਦੀ ਮੱਦਦ ਨਾਲ ਕਿਲ੍ਹਾ ਫਤਹ ਕੀਤਾ ਗਿਆ।