

ਮਹਾਰਾਜੇ ਨੇ ਬਾਦਸਾਹੀ ਨਿਯਮਾਂ ਅਨੁਸਾਰ ਫਕੀਰ ਅਜ਼ੀਜ਼ੁਦੀਨ ਤੋਂ ਆਪਣੇ ਇਕ ਅਮਰੀਕਨ ਕਰਮਚਾਰੀ ਮਿਸਟਰ ਹਾਰਲਣ ਨੂੰ ਆਪਣਾ ਭਾਵ ਸਮਝਾ ਕੇ ਭੇਜ ਦਿੱਤਾ। ਇਹ ਜਦ ਅਮੀਰ ਕੋਲ ਪਹੁੰਚੇ ਤਦ ਉਹ ਸੁਲ੍ਹਾ ਦੇ ਨਿਯਮ ਦੇ ਵਿਰੁੱਧ ਇਹਨਾਂ ਨੂੰ ਨਜ਼ਰਬੰਦੀ ਵਿਚ ਰੱਖ ਕੇ ਆਪਣੇ ਨਾਲ ਜਲਾਲਾਬਾਦ ਲੈ ਗਿਆ, ਇਹ ਆਸ ਧਾਰ ਕੇ ਕਿ ਇਹਨਾ ਦੇ ਰੋਕਣੇ ਨਾਲ ਮੈਨੂੰ ਪਿਸਾਵਰ ਮਿਲ ਜਾਏਗਾ । ਇਸ ਅਯੋਗ ਕਰਨੀ ਦਾ ਜਦ ਮਹਾਰਾਜਾ ਸਾਹਿਬ ਨੂੰ ਪਤਾ ਲੱਗਾ ਤਾਂ ਆਪ ਦੇ ਬੀਰ-ਰਸ ਨੇ ਉਹ ਹੁਲਾਰਾ ਮਾਰਿਆ ਕਿ ਆਪ ਨੇ ਉਸੇ ਦਿਨ ਹੁਕਮ ਦਿੱਤਾ ਕਿ ਜਿੰਨੀ ਛੇਤੀ ਲੜਾਈ ਦੀਆਂ ਤਿਆਰੀਆਂ ਹੋ ਸਕਣ ਕਰਕੇ ਬਹੁਤ ਛੇਤੀ ਜਲਾਲਾਬਾਦ ਤੇ ਧਾਵਾ ਕਰ ਦੇਣਾ ਚਾਹੀਦਾ ਹੈ ਤੇ ਇਕ ਫਕੀਰ ਅਜੀਜੂਦੀਨ ਦੇ ਬਦਲੇ ਜਦ ਤਕ ਮੈਂ ਹਜਾਰਾਂ ਅਫਗਾਨਾਂ ਦੇ ਲਹੂ ਨਾਲ ਆਪਣੀ ਤਲਵਾਰ ਦੀ ਪਿਆਸ ਨਾ ਬੁਝਾ ਲਵਾਂਗਾ, ਪਿਛੇ ਨਹੀਂ ਮੁੜਾਂਗਾ । ਏਧਰ ਇਹ ਤਿਆਰੀਆਂ ਦਿਨ ਰਾਤ ਹੋਣ ਲੱਗੀਆਂ, ਉਧਰ ਫਕੀਰ ਸਾਹਿਬ ਨੇ ਜੋ ਬੜੇ ਸਾਰ ਸੁਭਾਅ ਵਾਲੇ ਅਤੇ ਆਪਣੇ ਸਮੇਂ ਦੇ ਨਾਮੀ ਵਿਦਵਾਨ ਸਨ - ਅਮੀਰ ਦੋਸਤ ਮੁਹੰਦ ਖਾਨ ਨੂੰ ਸਮਝਾਇਆ ਕਿ ਆਪ ਨੂੰ ਸਾਨੂੰ ਰੋਕਣਾ ਸਾਡੇ ਲਈ ਤਾਂ ਹਾਨੀਕਾਰਕ ਨਹੀਂ, ਪਰ ਆਪ ਲਈ ਅਤਿ ਭਿਆਨਕ ਹੈ । ਸ਼ੇਰਿ ਪੰਜਾਬ ਨੂੰ ਇਸ ਅਯੋਗਤਾ ਦਾ ਪਤਾ ਲੱਗ ਗਿਆ ਹੈ, ਹੁਣ ਅਫਗਾਨਿਸਤਾਨ ਦਾ ਬੱਚਾ ਬੱਚਾ ਖਾਲਸੇ ਦੀ ਤਲਵਾਰ ਤੋਂ ਬਚ ਨਹੀਂ ਸਕੇਗਾ, ਹਜ਼ਾਰਾਂ ਬੇ-ਗੁਨਾਹਾਂ ਦਾ ਲਹੂ ਆਪ ਦੇ ਇਸ ਅਯੋਗ ਕਾਰੇ ਬਦਲੇ ਡੁੱਲ੍ਹੇਗਾ, ਇਸ ਲਈ ਆਪ ਨੂੰ ਚਾਹੀਦਾ ਹੈ ਕਿ ਆਪ ਆਪਣੇ ਕੀਤੇ ਤੇ ਪਛਤਾਓ ਤੇ ਸਾਨੂੰ ਛੇਤੀ ਹੀ ਜਾਣ ਦੇਵੋ, ਤਾਂ ਜੋ ਅਸੀਂ ਜਾ ਕੇ ਮਹਾਰਾਜਾ ਸਾਹਿਬ ਦੇ ਗੁੱਸੇ ਨੂੰ ਠੰਡਾ ਕਰੀਏ । ਕਹਿੰਦੇ ਹਨ ਕਿ ਦੋਸਤ ਮੁਹੰਮਦ ਖਾਨ ਨੇ ਫਕੀਰ ਜੀ ਦੀ ਜ਼ੁਬਾਨੀ ਇਹ ਗੱਲ ਸੁਣ ਕੇ ਬੜਾ ਪਸ਼ਚਾਤਾਪ ਕੀਤਾ ਅਤੇ ਬੜੀ ਇੱਜ਼ਤ ਨਾਲ ਇਹਨਾਂ ਦੋਹਾਂ ਨੂੰ ਮਹਾਰਾਜਾ ਸਾਹਿਬ ਦੇ ਡੇਰੇ ਵਿਚ ਭਿਜਵਾ ਦਿੱਤਾ ।
ਸ਼ੇਰਿ ਪੰਜਾਬ ਇਸ ਘ੍ਰਿਣਤ ਕੰਮ ਤੋਂ ਇੰਨੇ ਜ਼ਿਆਦਾ ਜੋਸ਼ ਵਿਚ ਆਏ ਸਨ ਕਿ ਇਹਨਾਂ ਦੇ ਮੁੜ ਆਉਣ ਪਰ ਵੀ ਉਹਨਾਂ ਦਾ ਇਰਾਦਾ ਨਾ ਬਦਲਿਆ, ਉਹ ਚਾਹੁੰਦੇ ਸਨ ਕਿ ਅਫਗਾਨਾਂ ਨੂੰ ਇਸ ਦੀ ਕਰੜੀ ਸਿੱਖਿਆ ਦਿੱਤੀ ਜਾਏ, ਪਰ ਵਕੀਰ ਦੇ ਬੇਨਤੀ ਕਰਨ ਪੁਰ ਕਿ ਉਹ ਉਹਨਾਂ ਨਾਲ ਵਾਇਦਾ ਕਰ ਆਇਆ ਹੈ ਕਿ ਉਹ ਇਸ ਸਮੇਂ ਮਹਾਰਾਜਾ ਸਾਹਿਬ ਨੂੰ ਲੜਾਈ ਤੋਂ ਬੇਨਤੀ ਕਰਕੇ ਟਾਲ ਦੇਵੇਗਾ, ਤਾਂ ਮਸਾਂ ਕਿਤੇ ਜਾ ਕੇ ਮਹਾਰਾਜਾ ਦਾ ਗੁੱਸਾ ਠੰਢਾ ਹੋਇਆ।
ਮਹਾਰਾਜਾ ਸਾਹਿਬ ਨੇ ਸਰਹੱਦ ਪਰ ਮਿਚਨੀ ਤੇ ਸਿੱਖ ਢੇਰੀ ਵਿਚ (ਜੋ ਅਜ ਕਲ੍ਹ ਕਿਲ੍ਹਾ ਸ਼ਕਰ ਗੜ੍ਹ ਜਾਂ ਸਬਕਦਰ ਦੇ ਨਾਮ ਪਰ ਪ੍ਰਸਿੱਧ ਹੈ) ਕਿਲ੍ਹੇ ਬਣਵਾਉਣ ਦਾ ਹੁਕਮ ਦਿੱਤਾ, ਜਿਨ੍ਹਾਂ ਦੀਆਂ ਤਿਆਰੀਆਂ ਲਈ ਸਰਦਾਰ ਹਰੀ ਸਿੰਘ ਨਲੂਆ ਨੀਯਤ ਹੋਇਆ, ਜੋ ਉਸ ਨੇ ਇਹ ਅਤੇ ਹੋਰ ਲੋੜੀਂਦੇ ਕਿਲ੍ਹੇ ਬੜੀ ਯੋਗਤਾ ਨਾਲ ਬਹੁਤ ਛੇਤੀ ਤਿਆਰ ਕਰਵਾ ਲਏ।
ਇਸ ਦੇ ਪਿਛੋਂ ਮੁਲਕੀ ਪ੍ਰਬੰਧ ਵੱਲ ਵੀ ਧਿਆਨ ਦਿੱਤਾ ਤੇ ਪਿਸ਼ਾਵਰ ਦਾ ਪਹਿਲਾ ਗਵਰਨਰ ਤੇ ਫੌਜੀ ਕਮਾਂਡਰ ਇਨ ਚੀਫ ਸਰਦਾਰ ਹਰੀ ਸਿੰਘ ਸਥਾਪਤ ਹੋਇਆ ਅਤੇ ਕੰਮ ਸਿਖਣ ਲਈ ਸ਼ਾਹਜਾਦਾ ਨੌਨਿਹਾਲ ਸਿੰਘ ਇਸ ਨਾਲ ਲਾਇਆ ਗਿਆ। ਇਉਂ ਜਦ ਸਾਰਾ ਪ੍ਰਬੰਧ ਠੀਕ ਹੋ ਗਿਆ ਤਾਂ ਇਲਾਕੇ ਦੇ ਰਈਸਾਂ ਨੂੰ ਅੱਗੇ ਲਿਖੀਆ ਜਾਗੀਰਾ ਬਖਸ਼ੀਆ ਗਈਆਂ:-